UP Election Result 2022: ਉੱਤਰ ਪ੍ਰਦੇਸ਼ ’ਚ ‘ਨਵਾਂ ਇਤਿਹਾਸ’ ਰਚਿਆ ਜਾ ਰਿਹਾ ਹੈ
Thursday, Mar 10, 2022 - 12:59 PM (IST)
ਨਵੀਂ ਦਿੱਲੀ- 5 ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਸ਼ੁਰੂਆਤੀ ਦੌਰ ਦੀ ਵੋਟਾਂ ਦੀ ਗਿਣਤੀ ’ਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਵਿਰੋਧੀ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਭਾਜਪਾ ਜਿੱਤ ਵੱਲ ਵਧ ਰਹੀ ਹੈ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਗੇ ਮਾਡਲ ਨੂੰ ਇਸ ਦਾ ਸਿਹਰਾ ਦਿੱਤਾ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਇਕ ‘ਨਵਾਂ ਇਤਿਹਾਸ’ ਰਚਿਆ ਜਾ ਰਿਹਾ ਹੈ। ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਅਤੇ ਪਾਰਟੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਜਨਤਾ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉੱਤਰ ਪ੍ਰਦੇਸ਼ ’ਚ ਘੱਟ-ਘੱਟ 300 ਸੀਟਾਂ ਜਿੱਤੇਗੀ ਅਤੇ ਇਹ ਸਪੱਸ਼ਟ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ’ਚ ਇਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: UP Election Result 2022: ਰੁਝਾਨਾਂ ’ਚ ਭਾਜਪਾ ਨੂੰ ਮਜ਼ਬੂਤ ਲੀਡ, ਜਾਣੋ ਪਲ-ਪਲ ਦੀ ਖ਼ਬਰ
ਭਾਜਪਾ ਜੇਕਰ ਉੱਤਰ ਪ੍ਰਦੇਸ਼ ਵਿਚ ਚੋਣਾਂ ਜਿੱਤਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ 5 ਸਾਲਾਂ ਤੱਕ ਪੂਰਨ ਬਹੁਮਤ ਦੀ ਸਰਕਾਰ ਦੀ ਅਗਵਾਈ ਕਰਨ ਤੋਂ ਬਾਅਦ ਕੋਈ ਮੁੱਖ ਮੰਤਰੀ ਫਿਰ ਤੋਂ ਬਹੁਮਤ ਨਾਲ ਸੱਤਾ ’ਚ ਪਰਤੇਗਾ। ਭਾਜਪਾ ਦੇ ਕਈ ਨੇਤਾਵਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਵੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਕਲਿਆਣਕਾਰੀ ਨੀਤੀਆਂ ਅਤੇ ਸਾਫ਼-ਸੁਥਰਾ ਸ਼ਾਸਨ ਦਿੱਤਾ।
ਇਹ ਵੀ ਪੜ੍ਹੋ: UP Election Result 2022: ਯੋਗੀ ਅਤੇ ਅਖਿਲੇਸ਼ ਆਪਣੀ ਸੀਟ ’ਤੇ ਅੱਗੇ, ਭਾਜਪਾ ਨੇ ਬਣਾਈ ਲੀਡ
ਹੁਣ ਤਕ ਆਏ ਰੁਝਾਨਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਭਾਜਪਾ ਉੱਤਰ ਪ੍ਰਦੇਸ਼ ਤੋਂ ਇਲਾਵਾ ਉੱਤਰਾਖੰਡ ਅਤੇ ਮਣੀਪੁਰ ਵਿਚ ਵੀ ਆਪਣੀ ਸੱਤਾ ਬਰਕਰਾਰ ਰੱਖ ਸਕਦੀ ਹੈ। ਗੋਆ ’ਚ ਵੀ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਉੱਭਰਦੀ ਨਜ਼ਰ ਆ ਰਹੀ ਹੈ।