ਮਹਾਰਾਸ਼ਟਰ ''ਚ ਇਸ ਤਾਰੀਖ਼ ਨੂੰ ਬਣੇਗੀ ਨਵੀਂ ਸਰਕਾਰ, CM ਦੀ ਦੌੜ ''ਚ ਫੜਨਵੀਸ ਅੱਗੇ
Saturday, Nov 30, 2024 - 04:44 PM (IST)
ਮੁੰਬਈ- ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿਚ ਮਹਾਯੁਤੀ ਗਠਜੋੜ ਦੀ ਨਵੀਂ ਸਰਕਾਰ 5 ਦਸੰਬਰ ਨੂੰ ਬਣੇਗੀ ਅਤੇ ਦੇਵੇਂਦਰ ਫੜਨਵੀਸ ਅਗਲੇ ਮੁੱਖ ਮੰਤਰੀ ਬਣਨ ਦੇ ਉਮੀਦਵਾਰ ਦੀ ਦੌੜ ਵਿਚ ਸਭ ਤੋਂ ਅੱਗੇ ਹਨ। ਮਹਾਰਾਸ਼ਟਰ ਵਿਚ 20 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਰਾਸ਼ਟਰੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਗਠਜੋੜ ਮਹਾਯੁਤੀ ਨੇ 288 ਵਿਚੋਂ 230 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ। ਭਾਜਪਾ 132 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਜਦਕਿ ਸ਼ਿਵ ਸੈਨਾ ਨੇ 57 ਅਤੇ ਰਾਕਾਂਪਾ ਨੇ 41 ਸੀਟਾਂ ਜਿੱਤੀਆਂ।
ਹਾਲਾਂਕਿ 23 ਨਵੰਬਰ ਨੂੰ ਚੋਣਾਂ ਨਤੀਜਿਆਂ ਦੇ ਐਲਾਨ ਮਗਰੋਂ ਇਸ ਗੱਲ 'ਤੇ ਕੋਈ ਫ਼ੈਸਲਾ ਨਹੀਂ ਹੋਇਆ ਕਿ ਮੁੱਖ ਮੰਤਰੀ ਕੌਣ ਹੋਵੇਗਾ। ਸ਼ਿੰਦੇ, ਫੜਨਵੀਸ ਅਤੇ ਪਵਾਰ ਨੇ ਮਹਾਰਾਸ਼ਟਰ ਵਿਚ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤੇ 'ਤੇ ਗੱਲਬਾਤ ਕਰਨ ਲਈ ਵੀਰਵਾਰ ਦੇਰ ਰਾਤ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਕਾਰਜਵਾਹਕ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਤਾਰਾ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ਲਈ ਰਵਾਨਾ ਹੋਣ ਮਗਰੋਂ ਸ਼ੁੱਕਰਵਾਰ ਨੂੰ ਹੋਣ ਵਾਲੀ ਮਹਾਯੁਤੀ ਦੀ ਮਹੱਤਵਪੂਰਨ ਬੈਠਕ ਮੁਲਤਵੀ ਕਰ ਦਿੱਤੀ ਗਈ, ਜੋ ਹੁਣ ਐਤਵਾਰ ਨੂੰ ਹੋਵੇਗੀ। ਓਧਰ ਭਾਜਪਾ ਨੇਤਾ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਫੜਨਵੀਸ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਹਨ।