ਬੰਗਲਾਦੇਸ਼-ਪਾਕਿ-ਚੀਨ ਗੱਠਜੋੜ ਅਤੇ ਧਾਰਮਿਕ ਕੱਟੜਤਾ ਨੂੰ ਲੈ ਕੇ ਚਿਤਾਵਨੀ ਜਾਰੀ

Friday, Jan 02, 2026 - 01:36 AM (IST)

ਬੰਗਲਾਦੇਸ਼-ਪਾਕਿ-ਚੀਨ ਗੱਠਜੋੜ ਅਤੇ ਧਾਰਮਿਕ ਕੱਟੜਤਾ ਨੂੰ ਲੈ ਕੇ ਚਿਤਾਵਨੀ ਜਾਰੀ

ਨਵੀਂ ਦਿੱਲੀ (ਭਾਸ਼ਾ) - ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਪ੍ਰੋਫੈਸਰ ਏ. ਕੇ. ਅਬਦੁਲ ਮੋਮਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੰਗਲਾਦੇਸ਼ ਪਾਕਿਸਤਾਨ ਅਤੇ ਚੀਨ ਨਾਲ ਬਹੁਤ ਜ਼ਿਆਦਾ ਨੇੜਤਾ ਵਧਾਉਂਦਾ ਹੈ ਅਤੇ ਧਾਰਮਿਕ ਕੱਟੜਵਾਦ ਨੂੰ ਪਨਪਣ ਦਿੰਦਾ ਹੈ, ਤਾਂ ਦੇਸ਼ ਇਕ ਖ਼ਤਰਨਾਕ ਭੂ-ਰਾਜਨੀਤਿਕ ਅਤੇ ਵਿਚਾਰਧਾਰਕ ਭੰਬਲਭੂਸੇ ’ਚ ਫਸ ਸਕਦਾ ਹੈ।

ਉਨ੍ਹਾਂ ਅਜਿਹੀ ਸਥਿਤੀ ’ਚ ਦੇਸ਼ ਵਿਚ ਆਰਥਿਕ ਗਤੀਵਿਧੀਆਂ ’ਚ ਖੜੋਤ, ਕੂਟਨੀਤਕ ਇਕੱਲਤਾ ਅਤੇ ਸਮਾਜਿਕ ਵੰਡ ਦਾ ਵੀ ਗੰਭੀਰ ਖਦਸ਼ਾ ਪ੍ਰਗਟਾਇਆ ਹੈ। ਸਾਲ 2019 ਤੋਂ 2024 ਤੱਕ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਰਹੇ ਪ੍ਰੋ. ਮੋਮਿਨ ਨੇ ਕਿਹਾ ਕਿ ਬੰਗਲਾਦੇਸ਼-ਪਾਕਿਸਤਾਨ-ਚੀਨ ਦਾ ਉਭਰਦਾ ਗੱਠਜੋੜ ਨਾ ਸਿਰਫ਼ ਢਾਕਾ ਲਈ, ਸਗੋਂ ਪੂਰੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ’ਚ ਡੂੰਘੀ ਅਸਥਿਰਤਾ ਪੈਦਾ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਗੱਠਜੋੜ ਕਾਰਨ ਕਈ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ’ਚ ਅਮਰੀਕਾ ਵੱਲੋਂ ਦਬਾਅ ਜਾਂ ਪਾਬੰਦੀਆਂ, ਅੰਤਰਰਾਸ਼ਟਰੀ ਮੰਚਾਂ ’ਤੇ ਭਰੋਸੇਯੋਗਤਾ ’ਚ ਗਿਰਾਵਟ, ਭਾਰਤ ਅਤੇ ਹੋਰ ਉਦਾਰਵਾਦੀ ਗੁਆਂਢੀ ਦੇਸ਼ਾਂ ਤੋਂ ਦੂਰੀ ਅਤੇ ਸਭ ਤੋਂ ਗੰਭੀਰ ਰੂਪ ’ਚ ਜੇਹਾਦੀ ਕੱਟੜਵਾਦ ਅਤੇ ਤਾਨਾਸ਼ਾਹੀ ਸ਼ਾਸਨ ਵੱਲ ਵਧਣਾ ਸ਼ਾਮਲ ਹੈ।
 


author

Inder Prajapati

Content Editor

Related News