ਬੰਗਲਾਦੇਸ਼ ''ਚ ਇੱਕ ਹੋਰ ਹਿੰਦੂ ਦਾ ਕਤਲ, ਕਰਿਆਨਾ ਵਪਾਰੀ ''ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Tuesday, Jan 06, 2026 - 08:28 AM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਵਧਦੀ ਹੀ ਜਾ ਰਹੀ ਹੈ। ਸੋਮਵਾਰ ਰਾਤ ਨੂੰ ਇੱਕ ਹੋਰ ਭਿਆਨਕ ਘਟਨਾ ਵਾਪਰੀ, ਜਿਸ ਵਿੱਚ ਨਰਸਿੰਗਦੀ ਜ਼ਿਲ੍ਹੇ ਦੇ ਪੋਲਸ਼ ਉਪ-ਜ਼ਿਲ੍ਹਾ ਖੇਤਰ ਵਿੱਚ ਇੱਕ ਪ੍ਰਮੁੱਖ ਹਿੰਦੂ ਕਰਿਆਨਾ ਵਪਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤਾਜ਼ਾ ਘਟਨਾ ਨਾਲ ਪਿਛਲੇ ਕੁਝ ਦਿਨਾਂ ਵਿੱਚ ਮਾਰੇ ਗਏ ਹਿੰਦੂਆਂ ਦੀ ਗਿਣਤੀ 6 ਹੋ ਗਈ ਹੈ, ਜਿਸ ਨਾਲ ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਇਹ ਵੀ ਪੜ੍ਹੋ : ‘ਮੈਂ ਅਪਰਾਧੀ ਨਹੀਂ, ਰਾਸ਼ਟਰਪਤੀ ਹਾਂ’: ਨਿਕੋਲਸ ਮਾਦੁਰੋ ਨੇ ਅਮਰੀਕੀ ਅਦਾਲਤ 'ਚ ਖੁਦ ਨੂੰ ਦੱਸਿਆ ਨਿਰਦੋਸ਼
ਦੁਕਾਨ 'ਤੇ ਹਮਲਾ, ਹਸਪਤਾਲ 'ਚ ਮੌਤ
ਰਿਪੋਰਟਾਂ ਅਨੁਸਾਰ, ਚੋਰਾਸਿਂਦੁਰ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਮੋਨੀ ਚੱਕਰਵਰਤੀ 'ਤੇ 5 ਜਨਵਰੀ, 2026 ਨੂੰ ਰਾਤ 10 ਵਜੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਰਾਹਗੀਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮੋਨੀ ਚੱਕਰਵਰਤੀ ਮਦਨ ਚੱਕਰਵਰਤੀ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਇਲਾਕੇ ਵਿੱਚ ਇੱਕ ਇਮਾਨਦਾਰ ਅਤੇ ਸਤਿਕਾਰਤ ਵਪਾਰੀ ਵਜੋਂ ਜਾਣਿਆ ਜਾਂਦਾ ਸੀ। ਉਸਦੀ ਹੱਤਿਆ ਨੇ ਸਥਾਨਕ ਹਿੰਦੂ ਭਾਈਚਾਰੇ ਵਿੱਚ ਡਰ ਅਤੇ ਗੁੱਸਾ ਦੋਵੇਂ ਪੈਦਾ ਕਰ ਦਿੱਤੇ ਹਨ।
ਪੱਤਰਕਾਰ ਦਾ ਵੀ ਗੋਲੀ ਮਾਰ ਕੇ ਕਤਲ
ਮੋਨੀ ਚੱਕਰਵਰਤੀ ਤੋਂ ਪਹਿਲਾਂ, ਹਿੰਦੂ ਪੱਤਰਕਾਰ ਰਾਣਾ ਪ੍ਰਤਾਪ ਬੈਰਾਗੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਜਸ਼ੋਰ ਜ਼ਿਲ੍ਹੇ ਦੇ ਮਨੀਰਾਮਪੁਰ ਖੇਤਰ ਵਿੱਚ ਵਾਪਰੀ। ਚਸ਼ਮਦੀਦਾਂ ਅਨੁਸਾਰ, ਹਮਲਾਵਰ ਇੱਕ ਮੋਟਰਸਾਈਕਲ 'ਤੇ ਆਏ ਰਾਣਾ ਪ੍ਰਤਾਪ ਨੂੰ ਉਸਦੀ ਬਰਫ਼ ਦੀ ਫੈਕਟਰੀ ਵਿੱਚੋਂ ਬਾਹਰ ਕੱਢਿਆ, ਉਸ ਨੂੰ ਨੇੜਲੀ ਗਲੀ ਵਿੱਚ ਲੈ ਗਏ ਅਤੇ ਬਹਿਸ ਤੋਂ ਬਾਅਦ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ਨੇ ਮਾਦੁਰੋ ਦੀਆਂ ਸਾਰੀਆਂ ਜਾਇਦਾਦਾਂ ਕੀਤੀਆਂ ਜ਼ਬਤ, ਜਾਣੋ ਇਸ ਫ਼ੈਸਲੇ ਪਿੱਛੇ ਕੀ ਹੈ ਅਸਲ ਵਜ੍ਹਾ?
ਹੁਣ ਤੱਕ 6 ਹਿੰਦੂ ਮਾਰੇ ਗਏ
ਹਾਲ ਹੀ ਦੇ ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਜਿਨ੍ਹਾਂ 6 ਹਿੰਦੂਆਂ ਦੀ ਹੱਤਿਆ ਕੀਤੀ ਗਈ ਹੈ ਉਨ੍ਹਾਂ ਵਿੱਚ ਮੋਨੀ ਚੱਕਰਵਰਤੀ, ਰਾਣਾ ਪ੍ਰਤਾਪ ਬੈਰਾਗੀ, ਦੀਪੂ ਦਾਸ, ਅੰਮ੍ਰਿਤ ਮੰਡਲ, ਬਜੇਂਦਰ ਬਿਸ਼ਵਾਸ ਅਤੇ ਖੋਕੋਨ ਦਾਸ ਸ਼ਾਮਲ ਹਨ। ਦੀਪੂ ਦਾਸ ਦੀ ਕਥਿਤ ਈਸ਼ਨਿੰਦਾ ਦੇ ਦੋਸ਼ ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਜਦੋਂਕਿ ਕਾਰੋਬਾਰੀ ਖੋਕੋਨ ਦਾਸ 'ਤੇ ਭੀੜ ਨੇ ਹਮਲਾ ਕੀਤਾ, ਪੈਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ। ਕਈ ਦਿਨਾਂ ਤੱਕ ਹਸਪਤਾਲ ਵਿੱਚ ਜ਼ਿੰਦਗੀ ਲਈ ਜੂਝਣ ਤੋਂ ਬਾਅਦ ਉਸਦੀ ਵੀ ਮੌਤ ਹੋ ਗਈ।
