ਬੰਗਲਾਦੇਸ਼ ; ''ਚੋਰ-ਚੋਰ'' ਕਹਿ ਕੇ ਪਿੱਛੇ ਭੱਜਿਆ ਸਾਰਾ ਪਿੰਡ ! ਹਿੰਦੂ ਨੌਜਵਾਨ ਨੇ ਨਹਿਰ ''ਚ ਛਾਲ ਮਾਰ ਗੁਆਈ ਜਾਨ
Thursday, Jan 08, 2026 - 03:10 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਤੱਕ ਜਿੱਥੇ 6 ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਉੱਥੇ ਹੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 25 ਸਾਲਾ ਹਿੰਦੂ ਨੌਜਵਾਨ ਦੀ ਭੀੜ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ। ਇਸ ਘਟਨਾ ਮਗਰੋਂ ਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਤਾਜ਼ਾ ਘਟਨਾ ਨੌਗਾਓਂ ਜ਼ਿਲ੍ਹੇ ਦੇ ਭੰਡਾਰਪੁਰ ਪਿੰਡ ਦੀ ਹੈ, ਜਿੱਥੇ ਰਹਿਣ ਵਾਲੇ ਮਿਥੁਨ ਸਰਕਾਰ 'ਤੇ ਭੀੜ ਨੇ ਚੋਰੀ ਦਾ ਇਲਜ਼ਾਮ ਲਗਾ ਕੇ ਉਸ ਦਾ ਪਿੱਛਾ ਕੀਤਾ। ਭੀੜ ਤੋਂ ਬਚਣ ਲਈ ਉਸ ਨੇ ਨੇੜਲੀ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਅਤੇ ਫਾਇਰ ਸਰਵਿਸ ਨੇ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ। ਹਾਲਾਂਕਿ ਪੁਲਸ ਅਨੁਸਾਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਚੋਰੀ ਵਿੱਚ ਸ਼ਾਮਲ ਸੀ ਜਾਂ ਨਹੀਂ।
ਇਹ ਵੀ ਪੜ੍ਹੋ- ਸ਼੍ਰੀਲੰਕਾ 'ਤੇ ਮੁੜ ਛਾਇਆ ਵੱਡਾ ਖ਼ਤਰਾ ! ਦਿਤਵਾ ਮਗਰੋਂ ਮੁੜ ਆ ਰਹੀ ਕੁਦਰਤੀ ਆਫ਼ਤ
ਇਸ ਤੋਂ ਪਹਿਲਾਂ ਨਰਸਿੰਗਦੀ ਜ਼ਿਲ੍ਹੇ ਵਿੱਚ 40 ਸਾਲਾ ਹਿੰਦੂ ਦੁਕਾਨਦਾਰ ਸ਼ਰਤ ਚੱਕਰਵਰਤੀ ਮਨੀ ਦੀ ਉਸ ਦੀ ਕਰਿਆਨੇ ਦੀ ਦੁਕਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਸੇ ਤਰ੍ਹਾਂ ਜੈਸੋਰ ਜ਼ਿਲ੍ਹੇ ਵਿੱਚ ਹਿੰਦੂ ਕਾਰੋਬਾਰੀ ਅਤੇ ਪੱਤਰਕਾਰ ਰਾਣਾ ਪ੍ਰਤਾਪ ਬੈਰਾਗੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਝੇਨੈਦਾਹ ਜ਼ਿਲ੍ਹੇ ਵਿੱਚ ਇੱਕ ਹਿੰਦੂ ਵਿਧਵਾ ਨਾਲ ਸਮੂਹਿਕ ਬਲਾਤਕਾਰ ਅਤੇ ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਬੰਗਲਾਦੇਸ਼ ਹਿੰਦੂ ਬੋਧਿਸਟ ਕ੍ਰਿਸ਼ਚੀਅਨ ਯੂਨਿਟੀ ਕੌਂਸਲ ਅਨੁਸਾਰ, ਦੇਸ਼ ਵਿੱਚ 13ਵੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਫਿਰਕੂ ਹਿੰਸਾ ਵਧੀ ਹੈ। ਇਕੱਲੇ ਦਸੰਬਰ ਮਹੀਨੇ ਵਿੱਚ ਹਿੰਸਾ ਦੀਆਂ 51 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 10 ਕਤਲ, ਲੁੱਟ-ਖੋਹ ਅਤੇ ਘਰਾਂ ਤੇ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਸ਼ਾਮਲ ਹਨ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨ੍ਹਾਂ ਮਾਮਲਿਆਂ ਦੀ ਤੁਰੰਤ ਜਾਂਚ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਲੋਕਾਂ ਨੂੰ ਕਾਨੂੰਨ ਹੱਥ ਵਿੱਚ ਨਾ ਲੈਣ ਅਤੇ ਸ਼ੱਕੀ ਮਾਮਲਿਆਂ ਦੀ ਰਿਪੋਰਟ ਕਾਨੂੰਨੀ ਤਰੀਕੇ ਨਾਲ ਕਰਨ ਦੀ ਅਪੀਲ ਕੀਤੀ ਹੈ। ਇਹ ਘਟਨਾਵਾਂ ਬੰਗਲਾਦੇਸ਼ ਵਿੱਚ ਚੋਣਾਂ ਦੇ ਮਾਹੌਲ ਦੌਰਾਨ ਘੱਟ ਗਿਣਤੀਆਂ ਵਿੱਚ ਵਧ ਰਹੇ ਡਰ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ।
ਇਹ ਵੀ ਪੜ੍ਹੋ- 'ਮਜ਼ਾ ਨਾ ਚਖਾਇਆ ਤਾਂ ਪੈਸੇ ਵਾਪਸ..!', ਪਾਕਿ ਫੌਜ ਬੁਲਾਰੇ ਦਾ ਭਾਰਤ ਤੇ ਅਫ਼ਗਾਨਿਸਤਾਨ ਨੂੰ Open Challenge
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
