15 ਦਿਨਾਂ ਤੋਂ ਘਰ ਨਹੀਂ ਪਰਤੀ ਨਰਸ ਮਾਂ ਨੂੰ ਦੇਖ ਰੋਂਦੀ ਰਹੀ ਬੱਚੀ, ਵੀਡੀਓ ਦੇਖ ਭਾਵੁਕ ਹੋਏ CM

04/09/2020 2:44:00 PM

ਬੈਂਗਲੁਰੂ— ਕਰਨਾਟਕ 'ਚ ਵਾਇਰਲ ਇਕ ਵੀਡੀਓ ਨੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ 'ਚ ਮਾਂ ਨੂੰ ਮਿਲਣ ਲਈ ਬੇਕਰਾਰ ਇਕ ਛੋਟੀ ਜਿਹੀ ਬੱਚੀ ਦੂਰ ਤੋਂ ਆਪਣੀ ਮਾਂ ਨੂੰ ਦੇਖ ਕੇ ਰੋਂਦੀ ਦਿਖਾਈ ਦੇ ਰਹੀ ਹੈ। ਉਸ ਦੀ ਮਾਂ ਨਰਸ ਹੈ ਅਤੇ ਕੋਵਿਡ-19 ਲਈ ਆਪਣੀ ਡਿਊਟੀ ਦੇ ਚੱਲਦੇ 15 ਦਿਨਾਂ ਤੋਂ ਘਰ ਨਹੀਂ ਪਰਤੀ ਹੈ। ਇਸ ਵੀਡੀਓ ਦੇ ਵਾਇਰਲ ਹੋਣ 'ਤੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਪੈਰਾ-ਮੈਡੀਕਲ ਕਰਮਚਾਰੀ (ਨਰਸ ਮਾਂ)  ਨਾਲ ਬੁੱਧਵਾਰ ਨੂੰ ਗੱਲ ਕੀਤੀ ਅਤੇ ਉਸ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਦਰਅਸਲ ਸੁਗੰਧਾ ਉੱਤਰੀ ਕਰਨਾਟਕ 'ਚ ਬੇਲਾਗਾਵੀ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਦੇ ਕੋਵਿਡ-19 ਵਾਰਡ 'ਚ ਪਿਛਲੇ 15 ਦਿਨਾਂ ਤੋਂ ਬਿਨਾਂ ਘਰ ਗਏ ਅਤੇ 3 ਸਾਲ ਦੀ ਆਪਣੀ ਧੀ ਨੂੰ ਮਿਲੇ ਬਿਨਾਂ ਲਗਾਤਾਰ ਕੰਮ ਕਰ ਰਹੀ ਹੈ।

 

ਆਪਣੇ ਪਿਤਾ ਨਾਲ ਦੋ-ਪਹੀਏ ਵਾਹਨ 'ਤੇ ਬੈਠ ਕੇ ਆਪਣੀ ਮਾਂ ਨੂੰ ਮਿਲਣ ਬੱਚੀ ਹਸਪਤਾਲ ਨੇੜੇ ਪਹੁੰਚੀ। ਵੀਡੀਓ ਵਿਚ ਉਹ ਹਸਪਤਾਲ ਦੇ ਬਾਹਰ ਹੀ ਕੁਝ ਦੂਰੀ 'ਤੇ ਖੜ੍ਹੀ ਆਪਣੀ ਵਲੋਂ ਹੱਥ ਹਿਲਾਉਂਦੇ ਅਤੇ ਰੋਂਦੀ ਨਜ਼ਰ ਆ ਰਹੀ ਹੈ। ਮਾਂ ਵੀ ਭਾਵੁਕ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਨਰਸ ਦੇ ਸਮਰਪਣ ਅਤੇ ਮਾਂ ਤੇ ਬੱਚੀ ਵਿਚਾਲੇ ਦੂਰੀ ਨੇ ਲੋਕਾਂ ਦਾ ਦਿਲ ਛੂਹ ਲਿਆ। ਇਸ ਤੋਂ ਬਾਅਦ ਯੇਦੀਯੁਰੱਪਾ ਨੇ ਸੁਗੰਧਾ ਨਾਲ ਫੋਨ 'ਤੇ ਗੱਲ ਕੀਤੀ।

ਯੇਦੀਯੁਰੱਪਾ ਨੂੰ ਫੋਨ 'ਤੇ ਕਹਿੰਦੇ ਹੋਏ ਸੁਣਿਆ ਗਿਆ ਕਿ ਤੁਸੀਂ ਆਪਣੀ ਬੱਚੀ ਨੂੰ ਦੇਖੇ ਬਿਨਾਂ ਸਖਤ ਮਿਹਨਤ ਕਰ ਰਹੇ ਹੋ। ਮੈਂ ਇਸ ਨੂੰ ਟੀ. ਵੀ. 'ਤੇ ਦੇਖਿਆ। ਕ੍ਰਿਪਾ ਕਰ ਕੇ ਸਹਿਯੋਗ ਕਰੋ। ਤੁਹਾਨੂੰ ਭਵਿੱਖ 'ਚ ਬਿਹਤਰ ਮੌਕੇ ਮਿਲਣਗੇ। ਪਰਮਾਤਮਾ ਤੁਹਾਡਾ ਭਲਾ ਕਰੇ। ਇਸ ਗੱਲਬਾਤ ਦੀ ਰਿਕਾਡਿੰਗ ਇੱਥੇ ਮੀਡੀਆ 'ਚ ਵੀ ਜਾਰੀ ਕੀਤੀ ਗਈ। ਬਾਅਦ 'ਚ ਨਰਸ ਨੂੰ ਲਿਖੀ ਚਿੱਠੀ ਵਿਚ ਮੁੱਖ ਮੰਤਰੀ ਨੇ ਕੋਵਿਡ-19 ਨੂੰ ਰੋਕਣ ਲਈ ਉਸ ਵਾਂਗ ਕੰਮ ਕਰ ਰਹੇ ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀਆਂ, ਪੁਲਸ, ਸਰਕਾਰੀ ਕਰਮਚਾਰੀਆਂ ਦੀ ਬਿਨਾਂ ਕਿਸੇ ਸਵਾਰਥ ਸੇਵਾ ਭਾਵਨਾ ਦੀ ਤਾਰੀਫ ਕੀਤੀ।


Tanu

Content Editor

Related News