ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਤਾਰੀਖ ਨੂੰ ਲੱਗੇਗਾ ਪੂਰਨ ਚੰਨ ਗ੍ਰਹਿਣ

10/30/2022 2:16:53 PM

ਕੋਲਕਾਤਾ- ਦੀਵਾਲੀ ਦੇ ਅਗਲੇ ਦਿਨ ਅੰਸ਼ਿਕ ਸੂਰਜ ਗ੍ਰਹਿਣ ਦੇ ਕਰੀਬ 15 ਦਿਨਾਂ ਬਾਅਦ ਭਾਰਤ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ’ਚ 8 ਨਵੰਬਰ 2022 ਨੂੰ ਪੂਰਨ ਚੰਨ ਗ੍ਰਹਿਣ ਵਿਖਾਈ ਦੇਵੇਗਾ। ਪ੍ਰਸਿੱਧ ਖਗੋਲ ਵਿਗਿਆਨੀ ਦੇਬੀ ਪ੍ਰਸਾਦ ਦੁਆਰੀ ਨੇ ਇਹ ਜਾਣਕਾਰੀ ਦਿੱਤੀ। ਦੁਆਰੀ ਨੇ ਕਿਹਾ ਕਿ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਰੂਸ ਤੋਂ ਇਲਾਵਾ ਏਸ਼ੀਆ ਦੇ ਕਈ ਹੋਰ ਹਿੱਸਿਆਂ, ਉੱਤਰੀ ਅਤੇ ਦੱਖਣੀ ਅਮਰੀਕਾ, ਆਸਟ੍ਰੇਲੀਆ, ਉੱਤਰੀ ਅਟਲਾਂਟਿਕ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਲੋਕ ਇਸ ਖਗੋਲੀ ਘਟਨਾ ਦਾ ਦੀਦਾਰ ਕਰ ਸਕਣਗੇ।

ਇੰਨੇ ਵਜੇ ਤੱਕ ਰਹੇਗਾ ਗ੍ਰਹਿਣ ਦਾ ਅਸਰ

ਦੁਆਰੀ ਨੇ ਅੱਗੇ ਕਿਹਾ ਕਿ ਪੂਰਨ ਚੰਨ ਗ੍ਰਹਿਣ ਹਰ ਥਾਂ ਵਿਖਾਈ ਨਹੀਂ ਦੇਵੇਗਾ ਅਤੇ ਸ਼ੁਰੂਆਤ ’ਚ ਲਾਤਿਨ ਅਮਰੀਕਾ ਦੇ ਕੁਝ ਦੇਸ਼ਾਂ ’ਚ ਅੰਸ਼ਿਕ ਚੰਨ ਗ੍ਰਹਿਣ ਨਜ਼ਰ ਆਵੇਗਾ। ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜ ਕੇ 39 ਮਿੰਟ ’ਤੇ ਸ਼ੁਰੂ ਹੋਵੇਗਾ ਅਤੇ ਲੱਗਭਗ 3 ਵਜ ਕੇ 46 ਮਿੰਟ ’ਤੇ ਇਹ ਪੂਰਨ ਪੜਾਅ ’ਚ ਪਹੁੰਚ ਜਾਵੇਗਾ। ਸਾਢੇ 4 ਵਜੇ ਦੇ ਕਰੀਬ ਚੰਦਰਮਾ ਪੂਰੀ ਤਰ੍ਹਾਂ ਪ੍ਰਿਥਵੀ ਦੀ ਛਾਇਆ ਨਾਲ ਢਕਿਆ ਜਾਵੇਗਾ। ਦੁਆਰੀ ਨੇ ਦੱਸਿਆ ਕਿ ਪੂਰਨ ਗ੍ਰਹਿਣ 5 ਵਜ ਕੇ 11 ਮਿੰਟ ’ਤੇ ਖ਼ਤਮ ਹੋ ਜਾਵੇਗਾ, ਜਦਕਿ ਅੰਸ਼ਿਕ ਗ੍ਰਹਿਣ ਸ਼ਾਮ ਦੇ 6 ਵਜ ਕੇ 19 ਮਿੰਟ ਦੇ ਨੇੜੇ-ਤੇੜੇ ਖ਼ਤਮ ਹੋਵੇਗਾ।

ਕੋਲਕਾਤਾ ਸਮੇਤ ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਵੀ ਵਿਖਾਈ ਦੇਵੇਗਾ ਗ੍ਰਹਿਣ

ਵਿਗਿਆਨੀ ਦੁਆਰੀ ਨੇ ਦੱਸਿਆ ਕਿ ਕੋਲਕਾਤਾ ਸਮੇਤ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਲੋਕ ਪੂਰਨ ਚੰਨ ਗ੍ਰਹਿਣ ਦੇ ਗਵਾਹ ਬਣ ਸਕਣਗੇ। ਜਦਕਿ ਦੇਸ਼ ਦੇ ਬਾਕੀ ਹਿੱਸਿਆਂ ’ਚ ਲੋਕਾਂ ਨੂੰ ਸਿਰਫ ਗ੍ਰਹਿਣ ਦਾ ਅੰਸ਼ਿਕ ਪੜਾਅ ਹੀ ਵਿਖਾਈ ਦੇਵੇਗਾ। 

ਅਗਲਾ ਚੰਦਰ ਗ੍ਰਹਿਣ 7 ਸਤੰਬਰ, 2025 ਨੂੰ ਵਿਖਾਈ ਦੇਵੇਗਾ

ਕੋਲਕਾਤਾ ਸ਼ਹਿਰ 'ਚ ਸ਼ਾਮ 4:52 'ਤੇ ਚੰਦਰਮਾ ਪੂਰਬੀ ਦੂਰੀ ਤੋਂ ਨਿਕਲਣਾ ਸ਼ੁਰੂ ਕਰੇਗਾ ਅਤੇ ਦੋ ਮਿੰਟ ਬਾਅਦ ਪੂਰੀ ਤਰ੍ਹਾਂ ਵਿਖਾਈ ਦੇਵੇਗਾ। ਦੁਆਰੀ ਨੇ ਕਿਹਾ ਕਿ ਨਵੀਂ ਦਿੱਲੀ 'ਚ ਚੰਦਰਮਾ ਚੜ੍ਹਨ ਤੋਂ ਬਾਅਦ ਸ਼ਾਮ 5.30 ਵਜੇ ਤੋਂ ਅੰਸ਼ਿਕ ਗ੍ਰਹਿਣ ਵਿਖਾਈ ਦੇਵੇਗਾ, ਜਿਸ 'ਚ ਚੰਦਰਮਾ 66 ਫ਼ੀਸਦੀ ਢਕਿਆ ਹੋਇਆ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅਗਲਾ ਚੰਦਰ ਗ੍ਰਹਿਣ 7 ਸਤੰਬਰ, 2025 ਨੂੰ ਵਿਖਾਈ ਦੇਵੇਗਾ।


Tanu

Content Editor

Related News