ਕੈਮੀਕਲ ਫੈਕਟਰੀ ਨੂੰ ਲੱਗੀ ਅੱਗ, ਲੋਕਾਂ ਨੇ ਫੈਕਟਰੀ ਬੰਦ ਕਰਨ ਦੀ ਕੀਤੀ ਮੰਗ
Saturday, Jul 13, 2024 - 06:18 PM (IST)
ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ 'ਚ ਕੈਲ ਨੇੜੇ ਪਿੰਡ ਖੁੰਡੇਵਾਲਾ 'ਚ ਸ਼ਨੀਵਾਰ ਨੂੰ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੈਮੀਕਲ ਕਾਰਨ ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਹੋ ਗਈਆਂ। ਕਾਲਾ ਧੂੰਆਂ ਚਾਰੇ ਪਾਸੇ ਫੈਲ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਅੱਗ ਬੁਝਾਉਣ 'ਚ ਜੁਟੀਆਂ ਹੋਈਆਂ ਹਨ। ਫੈਕਟਰੀ ਅੰਦਰ ਕੈਮੀਕਲ ਨਾਲ ਭਰੇ ਡਰੰਮ ਫਟਣ ਲੱਗੇ। ਫੈਕਟਰੀ ਅੰਦਰ ਮੌਜੂਦ ਇਕ ਵਿਅਕਤੀ ਵੀ ਅੱਗ ਵਿਚ ਝੁਲਸ ਗਿਆ। ਅੱਗ ਦਾ ਕਾਲਾ ਧੂੰਆਂ ਅਤੇ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ 10 ਕਿਲੋਮੀਟਰ ਦੀ ਦੂਰੀ ਤੋਂ ਵੀ ਦਿਖਾਈ ਦੇ ਰਹੀਆਂ ਸਨ। ਅੱਗ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਮੌਕੇ 'ਤੇ ਪਹੁੰਚ ਗਏ। ਪੁਲਸ ਨੂੰ ਫੈਕਟਰੀ ਮਾਲਕ ਮੌਕੇ ’ਤੇ ਨਹੀਂ ਮਿਲਿਆ।
ਖੁੰਡੇਵਾਲਾ ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਅੱਜ ਪਤਾ ਲੱਗਾ ਹੈ ਕਿ ਇੱਥੇ ਕੈਮੀਕਲ ਆਉਂਦਾ ਸੀ। ਫੈਕਟਰੀ ਦਾ ਗੇਟ ਹਮੇਸ਼ਾ ਬੰਦ ਰਹਿੰਦਾ ਸੀ। ਜਦੋਂ ਕੋਈ ਪੁੱਛਦਾ ਸੀ ਤਾਂ ਇਸ ਦੇ ਮਾਲਕ ਦੱਸਦੇ ਸਨ ਕਿ ਉਹ ਸ਼ਹਿਰ 'ਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਹ ਬੈਠਣ ਲਈ ਫਾਰਮ ਹਾਊਸ ਬਣਾਇਆ ਹੋਇਆ ਹੈ। ਇਹ ਫੈਕਟਰੀ ਕਾਫ਼ੀ ਖ਼ਤਰਨਾਕ ਹੈ। ਇਸ ਦੇ ਨੇੜੇ-ਤੇੜੇ ਰਹਿਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਲੋਕਾਂ ਨੇ ਇਸ ਫੈਕਟਰੀ ਨੂੰ ਇੱਥੋਂ ਬੰਦ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਅੱਗ ਦੇ ਧਮਾਕਿਆਂ ਨਾਲ ਡਿੱਗੇ ਕੈਮੀਕਲ ਨਾਲ ਨੇੜੇ-ਤੇੜੇ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ। ਉਨ੍ਹਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਗ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਰਾਮਪਾਲ ਮੌਕੇ 'ਤੇ ਪਹੁੰਚੇ। ਇੱਥੇ ਆ ਕੇ ਦੇਖਿਆ ਤਾਂ ਅੱਗ ਕਾਫ਼ੀ ਲੱਗੀ ਹੋਈ ਸੀ। ਲੋਕਾਂ ਨੂੰ ਫੈਕਟਰੀ ਤੋਂ ਦੂਰ ਹੀ ਰੱਖਿਆ ਗਿਆ। ਫੈਕਟਰੀ ਕੈਮੀਕਲ ਦੀ ਦੱਸੀ ਜਾ ਰਹੀ ਹੈ। ਫੈਕਟਰੀ ਕਿਸ ਦੀ ਹੈ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਫਾਇਰ ਬ੍ਰਿਗੇਡ ਅਧਿਕਾਰੀ ਅੱਗ 'ਤੇ ਕਾਬੂ ਪਾਉਣ 'ਚ ਲੱਗੇ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e