900 ਕਰੋੜ ਦੀ ਲਾਗਤ ਨਾਲ ਬਣੇਗਾ ਇਸ ਧਾਮ ਦਾ ਲਾਂਘਾ, ਸ਼ਰਧਾਲੂਆਂ ਨੂੰ ਹੋਵੇਗੀ ਸਹੂਲਤ
Monday, Dec 02, 2024 - 03:28 PM (IST)
ਝਾਰਖੰਡ- ਦੇਸ਼ ਦੇ 12 ਜੋਤੀਲਿੰਗਾਂ 'ਚੋਂ ਇਕ ਬਾਬਾ ਬੈਜਨਾਥ ਧਾਮ ਦਾ ਹੁਣ ਹੋਰ ਵਿਕਾਸ ਹੋਵੇਗਾ। ਇੱਥੇ ਜਲਦੀ ਹੀ ਇਕ ਲਾਂਘਾ (ਕਾਰੀਡੋਰ) ਬਣਾਇਆ ਜਾਵੇਗਾ ਜੋ ਸ਼ਰਧਾਲੂਆਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰੇਗਾ। ਬੈਜਨਾਥ ਧਾਮ 'ਚ ਸਾਲ ਭਰ ਸ਼ਰਧਾਲੂਆਂ ਦੀ ਭਾਰੀ ਭੀੜ ਰਹਿੰਦੀ ਹੈ ਖਾਸ ਕਰ ਕੇ ਸਾਉਣ ਦੇ ਮਹੀਨੇ 'ਚ ਕਈ ਸੂਬਿਆਂ ਤੋਂ ਸ਼ਰਧਾਲੂ ਉੱਥੇ ਪਹੁੰਚਦੇ ਹਨ। ਅਜਿਹੇ 'ਚ ਝਾਰਖੰਡ ਸਰਕਾਰ ਨੇ ਬਾਬਾ ਬੈਜਨਾਥ ਧਾਮ ਨੂੰ ਹੋਰ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹਾਲ ਹੀ 'ਚ ਸਹੁੰ ਚੁੱਕਣ ਤੋਂ ਬਾਅਦ ਦੇਵਘਰ ਨੂੰ ਇਹ ਵੱਡਾ ਤੋਹਫਾ ਦਿੱਤਾ ਹੈ।
ਹੇਮੰਤ ਸੋਰੇਨ ਨੇ ਦੇਵਘਰ ਸਥਿਤ ਪ੍ਰਸਿੱਧ ਬਾਬਾ ਬੈਜਨਾਥ ਧਾਮ ਲਈ ਇਤਿਹਾਸਕ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਇਹ ਪ੍ਰਾਜੈਕਟ 900 ਕਰੋੜ ਰੁਪਏ ਦੀ ਲਾਗਤ ਨਾਲ 33 ਏਕੜ ਵਿਚ ਬਣਨ ਵਾਲੇ ਬੈਜਨਾਥ ਧਾਮ ਕਾਰੀਡੋਰ ਦਾ ਹੈ, ਜਿਸ ਦਾ ਉਦੇਸ਼ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੰਦੇ ਹੋਏ ਮੁੱਖ ਮੰਤਰੀ ਸੋਰੇਨ ਨੇ ਕਿਹਾ ਕਿ ਕਾਰੀਡੋਰ ਦੇ ਨਿਰਮਾਣ ਤੋਂ ਬਾਅਦ 33 ਏਕੜ ਜ਼ਮੀਨ ਦਾ ਵਿਕਾਸ ਕੀਤਾ ਜਾਵੇਗਾ। ਇਸ ਵਿਚ ਟਾਵਰ ਚੌਕ, ਬੱਸ ਸਟੈਂਡ, ਸ਼ਿਵਗੰਗਾ, ਮੰਦਰ ਮੋੜ ਅਤੇ ਹਦਦਹੀਆ ਚੌਕ ਵਰਗੇ ਪ੍ਰਮੁੱਖ ਖੇਤਰ ਸ਼ਾਮਲ ਹੋਣਗੇ, ਜਿਸ ਨਾਲ ਮੰਦਰ ਦਾ ਦ੍ਰਿਸ਼ ਬਿਹਤਰ ਹੋਵੇਗਾ।
ਇਸ ਨਿਰਮਾਣ ਕਾਰਜ ਦੌਰਾਨ ਜਿਹੜੇ ਮਕਾਨ ਅਤੇ ਦੁਕਾਨਾਂ ਢਹਿ-ਢੇਰੀ ਹੋ ਜਾਣਗੀਆਂ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਸੈਰ-ਸਪਾਟਾ ਵਿਭਾਗ ਨੇ ਇਸ ਲਈ 275 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਕਾਰੀਡੋਰ ਵਿਚ ਆਉਣਗੀਆਂ, ਉਨ੍ਹਾਂ ਨੂੰ ਨਵੀਆਂ ਦੁਕਾਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਲਾਂਘੇ ਦੇ ਨਿਰਮਾਣ ਦੌਰਾਨ ਸ਼ਿਵਗੰਗਾ ਤੋਂ ਮਾਨਸਰੋਵਰ ਦੇ ਰਸਤੇ ਬੈਜਨਾਥ ਮੰਦਰ ਤੱਕ ਸਾਫ਼-ਸੁਥਰਾ ਰਸਤਾ ਬਣਾਇਆ ਜਾਵੇਗਾ। ਜਲਦੀ ਹੀ ਇਸ ਪ੍ਰਾਜੈਕਟ ਦੀ ਡੀ. ਪੀ. ਆਰ (ਵਿਸਤ੍ਰਿਤ ਪ੍ਰਾਜੈਕਟ ਰਿਪੋਰਟ) ਤਿਆਰ ਕੀਤੀ ਜਾਵੇਗੀ। ਝਾਰਖੰਡ ਸਰਕਾਰ ਦਾ ਇਹ ਕਦਮ ਬਾਬਾ ਬੈਜਨਾਥ ਧਾਮ ਨੂੰ ਧਾਰਮਿਕ ਅਤੇ ਸੱਭਿਆਚਾਰਕ ਨਜ਼ਰੀਏ ਤੋਂ ਹੋਰ ਵੀ ਮਹੱਤਵਪੂਰਨ ਬਣਾ ਦੇਵੇਗਾ।