ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ: ਔਰਤਾਂ ਤੋਂ ਬਾਅਦ ਹੁਣ ਦਿਵਯਾਂਗਾਂ ਨੂੰ ਵੀ ਮਿਲੇਗੀ ਮੁਫ਼ਤ ਬੱਸ ਸਫਰ ਦੀ ਸਹੂਲਤ

Thursday, Feb 26, 2026 - 03:53 AM (IST)

ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ: ਔਰਤਾਂ ਤੋਂ ਬਾਅਦ ਹੁਣ ਦਿਵਯਾਂਗਾਂ ਨੂੰ ਵੀ ਮਿਲੇਗੀ ਮੁਫ਼ਤ ਬੱਸ ਸਫਰ ਦੀ ਸਹੂਲਤ

ਅਮਰਾਵਤੀ: ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਔਰਤਾਂ ਲਈ ਮੁਫਤ ਬੱਸ ਯਾਤਰਾ ਦੀ ਸਫਲਤਾ ਨੂੰ ਦੇਖਦਿਆਂ ਹੁਣ ਕੈਬਨਿਟ ਨੇ ਦਿਵਯਾਂਗ ਵਿਅਕਤੀਆਂ ਨੂੰ ਵੀ ਮੁਫਤ ਬੱਸ ਯਾਤਰਾ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਹੈ।

ਔਰਤਾਂ ਦੀ ਗਿਣਤੀ 'ਚ 65 ਫੀਸਦੀ ਵਾਧਾ 
ਸੂਬੇ ਦੇ ਟਰਾਂਸਪੋਰਟ ਮੰਤਰੀ ਐਮ ਰਾਮਪ੍ਰਸਾਦ ਰੈਡੀ ਨੇ ਵਿਧਾਨ ਸਭਾ ਵਿੱਚ ਬਜਟ ਚਰਚਾ ਦੌਰਾਨ ਦੱਸਿਆ ਕਿ ਔਰਤਾਂ ਲਈ ਮੁਫਤ ਬੱਸ ਯਾਤਰਾ ਸਕੀਮ ਲਾਗੂ ਹੋਣ ਤੋਂ ਬਾਅਦ ਮਹਿਲਾ ਯਾਤਰੀਆਂ ਦੀ ਗਿਣਤੀ ਵਿੱਚ 65 ਫੀਸਦੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਲਗਭਗ 25 ਲੱਖ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਦਾ ਲਾਭ ਉਠਾ ਰਹੀਆਂ ਹਨ।

ਹੁਣ ਤੱਕ 1,660 ਕਰੋੜ ਰੁਪਏ ਕੀਤੇ ਖਰਚ 
ਮੰਤਰੀ ਨੇ ਜਾਣਕਾਰੀ ਦਿੱਤੀ ਕਿ 15 ਅਗਸਤ, 2025 ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ 'ਤੇ ਸਰਕਾਰ ਹੁਣ ਤੱਕ 1,660 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਇਹ ਸਹੂਲਤ ਸਿਟੀ ਆਰਡੀਨਰੀ, ਸਿਟੀ ਐਕਸਪ੍ਰੈਸ, ਪੱਲੇ ਵੇਲੂਗੂ, ਅਲਟਰਾ ਪੱਲੇ ਵੇਲੂਗੂ ਅਤੇ ਐਕਸਪ੍ਰੈਸ ਬੱਸਾਂ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ।

ਆਟੋ ਚਾਲਕਾਂ ਅਤੇ ਇਲੈਕਟ੍ਰਿਕ ਵਾਹਨਾਂ ਲਈ ਵੱਡੀਆਂ ਰਾਹਤਾਂ 
ਸਰਕਾਰ ਨੇ ਹੋਰ ਵਰਗਾਂ ਦਾ ਖਿਆਲ ਰੱਖਦਿਆਂ ਹੇਠ ਲਿਖੇ ਅਹਿਮ ਕਦਮ ਚੁੱਕੇ ਹਨ:
• ਆਟੋ ਚਾਲਕਾਂ ਨੂੰ ਮਦਦ: 'ਆਟੋ ਡਰਾਈਵਰ ਸੇਵਾ ਲੋ' ਸਕੀਮ ਤਹਿਤ 2,90,669 ਆਟੋ ਰਿਕਸ਼ਾ ਚਾਲਕਾਂ ਨੂੰ 436 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।
• ਈ-ਵਾਹਨਾਂ ਨੂੰ ਟੈਕਸ ਛੋਟ: ਨਵੀਂ ਇਲੈਕਟ੍ਰਿਕ ਮੋਬਿਲਿਟੀ ਪਾਲਿਸੀ (2024-29) ਤਹਿਤ ਸੂਬੇ ਵਿੱਚ ਰਜਿਸਟਰਡ ਹੋਣ ਵਾਲੇ ਇਲੈਕਟ੍ਰਿਕ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਤੋਂ ਛੋਟ ਦਿੱਤੀ ਗਈ ਹੈ।
• ਸਿਖਲਾਈ ਸੰਸਥਾਵਾਂ: ਕੁਰਨੂਲ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਵਿੱਚ ਡਰਾਈਵਰ ਟ੍ਰੇਨਿੰਗ ਅਤੇ ਰਿਸਰਚ ਇੰਸਟੀਚਿਊਟ ਬਣਾਏ ਜਾ ਰਹੇ ਹਨ।
• ਸੜਕ ਸੁਰੱਖਿਆ: ਦੁਰਘਟਨਾਵਾਂ ਨੂੰ ਰੋਕਣ ਲਈ ਇੱਕ ਵਿਸ਼ੇਸ਼ 'ਰੋਡ ਸੇਫਟੀ ਫੰਡ' ਵੀ ਸਥਾਪਿਤ ਕੀਤਾ ਗਿਆ ਹੈ।
 


author

Inder Prajapati

Content Editor

Related News