ਜਬਰ-ਜ਼ਿਨਾਹ ਤੋਂ ਬਾਅਦ 13 ਸਾਲਾ ਬੱਚੀ ਹੋਈ ਗਰਭਵਤੀ, ਮਾਮਲਾ ਦਰਜ

Sunday, Sep 01, 2024 - 01:48 AM (IST)

ਜਬਰ-ਜ਼ਿਨਾਹ ਤੋਂ ਬਾਅਦ 13 ਸਾਲਾ ਬੱਚੀ ਹੋਈ ਗਰਭਵਤੀ, ਮਾਮਲਾ ਦਰਜ

ਫਰੂਖਾਬਾਦ — ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ 'ਚ ਇਕ ਸਰਕਾਰੀ ਸਕੂਲ ਦੇ ਚਪੜਾਸੀ ਵਲੋਂ ਕਥਿਤ ਤੌਰ 'ਤੇ ਬਲਾਤਕਾਰ ਕਰਨ ਤੋਂ ਬਾਅਦ 13 ਸਾਲਾ ਲੜਕੀ ਦੇ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਇੱਕ ਸਕੂਲ ਦੇ ਚਪੜਾਸੀ ਅਤੇ ਉਸਦੇ ਸਹਿਯੋਗੀ ਵਿਰੁੱਧ ਅਪਰਾਧ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਤਹਿਰੀਰ ਦੇ ਹਵਾਲੇ ਨਾਲ ਕਿਹਾ, “13 ਸਾਲਾ ਲੜਕੀ ਦੇ ਪਰਿਵਾਰ ਨੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਾਇਆ ਹੈ। ਲੜਕੀ ਰਾਤ ਨੂੰ ਸ਼ੌਚ ਕਰਨ ਗਈ ਸੀ ਤਾਂ ਪਿੰਡ ਦੇ ਪੰਕਜ ਅਤੇ ਅਮਿਤ ਨੇ ਉਸ ਨੂੰ ਫੜ ਲਿਆ ਅਤੇ ਖਾਲੀ ਘਰ ਲੈ ਗਏ, ਜਿੱਥੇ ਪੰਕਜ ਬਾਹਰ ਖੜ੍ਹਾ ਸੀ ਤਾਂ ਅਮਿਤ ਨੇ ਉਸ ਨਾਲ ਬਲਾਤਕਾਰ ਕੀਤਾ।

ਅਧਿਕਾਰੀ ਨੇ ਦੱਸਿਆ, ''ਦੋਸ਼ੀ ਨੇ ਪੀੜਤਾ ਦੇ ਮੂੰਹ 'ਚ ਕੱਪੜਾ ਪਾ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਕਿਹਾ ਤਾਂ ਉਹ ਉਸ ਨੂੰ ਮਾਰ ਦੇਣਗੇ ਪਰ ਜਦੋਂ ਉਹ ਪੰਜ ਮਹੀਨੇ ਦੀ ਗਰਭਵਤੀ ਹੋ ਗਈ ਤਾਂ ਉਸ ਦੀ ਮਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਜਿਸ ਤੋਂ ਬਾਅਦ ਉਸ ਨੇ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਅਨੁਸਾਰ ਪੰਕਜ ਕੌਂਸਲ ਦੇ ਸਕੂਲ ਵਿੱਚ ਚਪੜਾਸੀ ਹੈ ਅਤੇ ਉਸ ਨੇ ਤਰਸ ਦੇ ਆਧਾਰ ’ਤੇ ਇਹ ਨੌਕਰੀ ਹਾਸਲ ਕੀਤੀ ਹੈ। ਕਯਾਮਗੰਜ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਰਾਮ ਅਵਤਾਰ ਨੇ ਦੱਸਿਆ ਕਿ ਲੜਕੀ ਦੀ ਮੁੱਢਲੀ ਡਾਕਟਰੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਮਾਮਲੇ 'ਚ ਜਲਦ ਹੀ ਗ੍ਰਿਫਤਾਰੀ ਕੀਤੀ ਜਾਵੇਗੀ।


author

Inder Prajapati

Content Editor

Related News