ਆਮ ਆਦਮੀ ਮੁਹੱਲਾ ਕਲੀਨਿਕ ’ਚ ਉਪਲੱਬਧ ਸੇਵਾਵਾਂ ਤੋਂ ਜਾਣੋ ਕਿੰਨੇ ਫ਼ੀਸਦੀ ਮਰੀਜ਼ ਸੰਤੁਸ਼ਟ
Sunday, Apr 03, 2022 - 05:50 PM (IST)

ਨਵੀਂ ਦਿੱਲੀ (ਭਾਸ਼ਾ)– ਦਿੱਲੀ ’ਚ ਆਮ ਆਦਮੀ ਮੁਹੱਲਾ ਕਲੀਨਿਕ ’ਚ ਜਾਣ ਵਾਲੇ ਕਰੀਬ 93 ਫ਼ੀਸਦੀ ਮਰੀਜ਼ ਉੱਥੇ ਉਪਲੱਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਸੰਤੁਸ਼ਟ ਹਨ। ਦਿੱਲੀ ਸਰਕਾਰ ਵਲੋਂ ਕਰਵਾਏ ਗਏ ਇਕ ਸਰਵੇ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਰਵੇ ਮੁਤਾਬਕ ਇਕ ਮਰੀਜ਼ ਦੇ ਮੁਹੱਲਾ ਕਲੀਨਿਕ ’ਚ ਔਸਤਨ 18 ਮਿੰਟ ਲੱਗਦੇ ਹਨ, ਜਿਸ ’ਚ 9.92 ਮਿੰਟ ਡਾਕਟਰ ਨੂੰ ਵਿਖਾਉਣ ’ਚ ਅਤੇ 8.35 ਮਿੰਟ ਦਵਾਈ ਲੈਣ ’ਚ ਲੱਗਦੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਮੁੱਹਲਾ ਕਲੀਨਿਕ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 2021 ’ਚ ਵਧ ਕੇ ਰੋਜ਼ਾਨਾ 116 ਹੋ ਗਈ ਹੈ, ਜੋ ਕਿ 2020 ’ਚ 104 ਸੀ। ਦਿੱਲੀ ’ਚ 520 ਮੁਹੱਲਾ ਕਲੀਨਿਕ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2019 ’ਚ ਉਨ੍ਹਾਂ ਦੀ ਗਿਣਤੀ 403 ਅਤੇ 2020 ’ਚ 503 ਸੀ। ਸਰਵੇ ਤੋਂ ਪਤਾ ਲੱਗਾ ਹੈ ਕਿ ਦਿੱਲੀ ਸਰਕਾਰ ਦੀ ਡਿਸਪੈਂਸਰੀ ’ਚ ਰੋਜ਼ਾਨਾ ਮਰੀਜ਼ਾਂ ਦੇ ਆਉਣ ਦੀ ਗਿਣਤੀ 2021 ’ਚ ਘੱਟ ਕੇ 72 ਹੋ ਗਈ, ਜੋ ਕਿ 2019 ’ਚ 190 ਅਤੇ 2020 ’ਚ 195 ਸੀ।
ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਦੇ ਪੌਲੀਕਲੀਨਿਕ ’ਚ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਔਸਤ ਗਿਣਤੀ 2021 ’ਚ ਘੱਟ ਕੇ 146 ਰਹਿ ਗਈ, ਜੋ ਕਿ 2019 ’ਚ 245 ਸੀ। ਫ਼ਿਲਹਾਲ ਦਿੱਲੀ ’ਚ 29 ਸਰਕਾਰੀ ਪੌਲੀਕਲੀਨਿਕ ਹਨ ਅਤੇ 175 ਡਿਸਪੈਂਸਰੀਆਂ ਹਨ।