ਆਂਧਰਾ ਪ੍ਰਦੇਸ਼ : ਸੜਕ ਹਾਦਸੇ ''ਚ ਭਾਜਪਾ ਨੇਤਾ ਸਮੇਤ 9 ਲੋਕਾਂ ਦੀ ਮੌਤ, PM ਮੋਦੀ ਨੇ ਕੀਤਾ ਮੁਆਵਜ਼ਾ ਦਾ ਐਲਾਨ
Monday, Feb 07, 2022 - 11:31 AM (IST)
ਅਨੰਤਪੁਰ (ਵਾਰਤਾ)- ਆਂਧਰਾ ਪ੍ਰਦੇਸ਼ 'ਚ ਅਨੰਤਪੁਰ ਜ਼ਿਲ੍ਹੇ ਦੇ ਉਰਾਵਕੋਂਡਾ ਮੰਡਲ ਦੇ ਬੁਡਾਗਵੀ ਪਿੰਡ 'ਚ ਐਤਵਾਰ ਨੂੰ ਕਾਰ ਅਤੇ ਲਾਰੀ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਭਾਜਪਾ ਦੇ ਇਕ ਸੀਨੀਅਰ ਨੇਤਾ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋ ਕੇ ਵਾਪਸ ਲੱਕਵਰਮ ਪਿੰਡ ਪਰਤਦੇ ਸਮੇਂ ਭਾਜਪਾ ਨੇਤਾ ਕੋਕਾ ਵੇਨਕਟੱਪਾ ਦੀ ਕਾਰ ਅਤੇ ਲਾਰੀ ਦਰਮਿਆਨ ਟੱਕਰ ਹੋ ਗਈ। ਜਿਸ ਕਾਰਨ 9 ਲੋਕਾਂ ਦ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚ 6 ਔਰਤਾਂ ਅਤੇ 2 ਲੜਕੇ ਸ਼ਾਮਲ ਹਨ। ਸਾਰੇ ਮ੍ਰਿਤਕ ਭਾਜਪਾ ਨੇਤਾ ਦੇ ਸੰਬੰਧੀ ਹਨ। ਲਾਸ਼ਾਂ ਪੋਸਟਮਾਰਟਮ ਲਈ ਉਰਾਵਾਕੋਂਡਾ ਦੇ ਸਰਕਾਰੀ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਮ੍ਰਿਤਕਾਂ 'ਚੋਂ 8 ਦੀ ਪਛਾਣ ਅਸ਼ੋਕ, ਰਾਧਾ, ਸਰਸਵਤੀ, ਸ਼ਿਵਾਮਾ, ਸੁਭਦਰਾ, ਸਵਾਤੀ, ਜਗਨਾਵੀ, ਵੇਨਕਟੱਪਾ ਦੇ ਰੂਪ 'ਚ ਹੋਈ ਹੈ, ਜਦੋਂ ਕਿ ਇਕ ਪਛਾਣ ਹੋਣੀ ਬਾਕੀ ਹੈ। ਭਾਜਪਾ ਰਾਜ ਪ੍ਰਧਾਨ ਸੋਮੂ ਵਿਰਜੂ ਨੇ ਹਾਦਸੇ 'ਚ ਸ਼੍ਰੀ ਕੋਕਾ ਵੇਂਕਟੱਪਾ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ।