ਪੰਚਕੂਲਾ ''ਚ ਇਕੋ ਪਰਿਵਾਰ ਦੇ 9 ਲੋਕ ਕੋਰੋਨਾ ਪਾਜ਼ੀਟਿਵ
Thursday, Apr 16, 2020 - 11:17 AM (IST)
ਪੰਚਕੂਲਾ-ਹਰਿਆਣਾ ਦੇ ਪੰਚਕੂਲਾ 'ਚ ਇਕ ਹੀ ਪਰਿਵਾਰ ਦੇ 9 ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਾਰਨ ਹਫੜਾ-ਦਫੜੀ ਮੱਚ ਗਈ ਹੈ। ਪੀ.ਜੀ.ਆਈ ਤੋਂ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ। ਹੁਣ ਸੰਭਾਵਨਾ ਹੈ ਕਿ ਇਸ ਪਰਿਵਾਰ ਦੇ ਸੰਪਰਕ 'ਚ ਕਈ ਹੋਰ ਲੋਕ ਵੀ ਆਏ ਹੋਣਗੇ, ਜੋ ਕੋਰੋਨਾ ਪਾਜ਼ੀਟਿਵ ਹੋ ਸਕਦੇ ਹਨ।
ਪੰਚਕੂਲਾ ਦੇ ਡੀ.ਸੀ. ਮੁਕੇਸ਼ ਆਹੂਜਾ ਨੇ ਬਕਾਇਦਾ ਪੀੜਤਾਂ ਦੇ ਨਾਂ ਦੱਸਦੇ ਹੋਏ ਕਿਹਾ ਹੈ ਕਿ ਇਨ੍ਹਾਂ ਦੇ ਨਾਂ ਜਨਤਕ ਕਰਨ ਦੀ ਜਰੂਰਤ ਹੈ ਕਿਉਂਕਿ ਇਨ੍ਹਾਂ ਦੇ ਸੰਪਰਕ 'ਚ ਜਿੰਨੇ ਵੀ ਲੋਕ ਆਏ ਹੈ, ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ ਕਿ ਇਹ ਪਰਿਵਾਰ ਕੋਰੋਨਾ ਨਾਲ ਪੀੜਤ ਹੈ ਤਾਂ ਕਿ ਉਹ ਲੋਕ ਵੀ ਆਪਣਾ ਟੈਸਟ ਕਰਵਾ ਸਕਣ। ਪੰਚਕੂਲਾ 'ਚ ਹੁਣ ਇੱਥੇ ਕੋਰੋਨਾ ਦੇ ਕੁੱਲ 14 ਪੀੜਤ ਮਾਮਲੇ ਹੋ ਚੁੱਕੇ ਹਨ ਹਾਲਾਂਕਿ 2 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਹ ਪਰਿਵਾਰ ਸੈਕਟਰ-15 ਦੇ ਨਿਵਾਸੀ ਹਨ, ਜਿਸ ਕਾਰਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਸਾਰੇ ਪੀੜਤ 44 ਸਾਲਾ ਮਹਿਲਾ ਮਰੀਜ਼ ਦੇ ਪਰਿਵਾਰਿਕ ਮੈਂਬਰ ਸੀ। ਸੀ.ਐੱਮ.ਓ ਡਾ. ਜਸਜੀਤ ਕੌਰ ਨੇ ਦੱਸਿਆ ਹੈ ਕਿ ਪੀੜਤ ਮਹਿਲਾਂ ਦੇ ਪਤੀ ਦੀ ਰਿਪੋਰਟ ਬੁੱਧਵਾਰ ਨੂੰ ਪਾਜ਼ੀਟਿਵ ਆਈ ਸੀ। ਵੀਰਵਾਰ ਨੂੰ ਬਾਕੀ 7 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆ ਗਈ।
ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ 'ਚ ਮਰੀਜ਼ਾਂ ਦਾ ਅੰਕੜਾ 12,000 ਤੋਂ ਪਾਰ ਪਹੁੰਚ ਚੁੱਕਿਆ ਹੈ ਅਤੇ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 12,380 ਹੋ ਚੁੱਕੀ ਹੈ ਅਤੇ 414 ਮੌਤਾਂ ਹੋ ਚੁੱਕੀਆਂ ਹਨ ਜਦਕਿ 1489 ਲੋਕ ਠੀਕ ਵੀ ਹੋ ਚੁੱਕੇ ਹਨ ਪਰ ਹੁਣ ਪੂਰੇ ਦੇਸ਼ 'ਚ 10,447 ਐਕਟਿਵ ਕੇਸ ਹਨ।