ਦਿੱਲੀ ਦੇ ਵੱਡੇ ਹਸਪਤਾਲਾਂ ’ਚ ਸਾਢੇ 6 ਸਾਲਾਂ ’ਚ ਹਰ ਮਹੀਨੇ 70 ਬੱਚਿਆਂ ਦੀ ਹੋਈ ਮੌਤ: RTI

Sunday, Mar 06, 2022 - 03:15 PM (IST)

ਦਿੱਲੀ ਦੇ ਵੱਡੇ ਹਸਪਤਾਲਾਂ ’ਚ ਸਾਢੇ 6 ਸਾਲਾਂ ’ਚ ਹਰ ਮਹੀਨੇ 70 ਬੱਚਿਆਂ ਦੀ ਹੋਈ ਮੌਤ: RTI

ਨਵੀਂ ਦਿੱਲੀ (ਭਾਸ਼ਾ)– ਦਿੱਲੀ ਸਥਿਤ ਕੇਂਦਰ ਸਰਕਾਰ ਦੇ 4 ਹਸਪਤਾਲਾਂ ’ਚ ਸਾਢੇ 6 ਸਾਲਾਂ ’ਚ ਔਸਤਨ ਕਰੀਬ 70 ਬੱਚਿਆਂ ਦੀ ਹਰ ਮਹੀਨੇ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਮਾੜੇ ਹਾਲਾਤ ਸਫਦਰਜੰਗ ਹਸਪਤਾਲ ਦਾ ਹੈ, ਜਿੱਥੇ 81 ਮਹੀਨਿਆਂ ਦੌਰਾਨ ਹਰ ਮਹੀਨੇ ਤਕਰੀਬਨ 50 ਨਵਜੰਮੇ ਬੱਚਿਆਂ ਦੀ ਜ਼ਿੰਦਗੀ ਚਲੀ ਗਈ। ਸਫਦਰਜੰਗ ਹਸਪਤਾਲ ਤੋਂ ਇਲਾਵਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਕਲਾਵਤੀ ਸਰਨ ਹਸਪਤਾਲ ਅਤੇ ਸੁਚੇਤਾ ਕ੍ਰਿਪਲਾਨੀ ਹਸਪਤਾਲ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਨੂੰਨ ਦੇ ਤਹਿਤ ਦਾਇਰ ਵੱਖਰੀਆਂ ਅਰਜ਼ੀਆਂ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ ਹੈ।

ਆਰ.ਟੀ.ਆਈ ਅਰਜ਼ੀ ’ਚ ਜਨਵਰੀ 2015 ਤੋਂ ਜੁਲਾਈ 2021 ਦਰਮਿਆਨ ਇਨ੍ਹਾਂ ਹਸਪਤਾਲਾਂ ਵਿਚ ਜਾਨ ਗੁਆਉਣ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਗਈ ਸੀ। ਨਾਲ ਹੀ ਇਹ ਵੀ ਪੁੱਛਿਆ ਗਿਆ ਕਿ ਇਨ੍ਹਾਂ ਬੱਚਿਆਂ ਦੀ ਮੌਤ ਦੇ ਕੀ ਕਾਰਨ ਰਹੇ। ਸਫਦਰਜੰਗ ਅਤੇ ਸੁਚੇਤਾ ਕ੍ਰਿਪਲਾਨੀ ਹਸਪਤਾਲਾਂ ਨੇ ਸਤੰਬਰ 2021 ਤੱਕ ਦਾ ਡਾਟਾ ਮੁਹੱਈਆ ਕਰਵਾਇਆ ਹੈ। ਆਰ. ਟੀ. ਆਈ ਤਹਿਤ ਮਿਲੇ ਜਵਾਬ ਅਨੁਸਾਰ ਇਸ ਸਮੇਂ ਦੌਰਾਨ ਇਨ੍ਹਾਂ ਹਸਪਤਾਲਾਂ ਵਿਚ 3.46 ਲੱਖ ਤੋਂ ਵੱਧ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ 5724 ਬੱਚਿਆਂ ਦੀ ਮੌਤ ਹੋ ਗਈ।

ਇਨ੍ਹਾਂ 'ਚੋਂ ਇਕੱਲੇ ਸਫਦਰਜੰਗ ਹਸਪਤਾਲ 'ਚ ਚਾਰ ਹਜ਼ਾਰ ਤੋਂ ਵੱਧ ਬੱਚਿਆਂ ਦੀ ਜਾਨ ਗਈ। ਹਾਲਾਂਕਿ ਸਫਰਜੰਗ ਹਸਪਤਾਲ ਵਿਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਕਲਾਵਤੀ ਸਰਨ ਹਸਪਤਾਲ ਨੂੰ ਛੱਡ ਕੇ ਬਾਕੀ ਹਸਪਤਾਲਾਂ ਨੇ ਬੱਚਿਆਂ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ਨੇ ਬੱਚਿਆਂ ਦੀ ਮੌਤ ਦਾ ਅੰਕੜਾ ਨਹੀਂ ਦਿੱਤਾ। ਇਨ੍ਹਾਂ ਅੰਕੜਿਆਂ ਦੀ ਗਣਨਾ ਕਰਦਿਆਂ, ਪ੍ਰਤੀ ਹਜ਼ਾਰ ਬੱਚਿਆਂ ਦੀ ਬਾਲ ਮੌਤ ਦਰ 16.5 ਹੋ ਜਾਂਦੀ ਹੈ।


author

Tanu

Content Editor

Related News