ਬਜ਼ੁਰਗ ਨੇ ਕੀਤਾ ਇਹ ਨੇਕ ਕੰਮ, ਮਰਨ ਤੋਂ ਬਾਅਦ ਨੌਜਵਾਨ ਨੂੰ ਦੇ ਗਿਆ ਨਵੀਂ ਜ਼ਿੰਦਗੀ
Wednesday, Jan 01, 2025 - 05:30 AM (IST)
ਇੰਦੌਰ (ਭਾਸ਼ਾ) - ਇੰਦੌਰ ਵਿਚ ਮਰਨ ਉਪਰੰਤ ਆਪਣੇ ਅੰਗ ਦਾਨ ਕਰਨ ਵਾਲੇ 69 ਸਾਲਾ ਕਾਰੋਬਾਰੀ ਦੇ ਦੋਵੇਂ ਹੱਥ ਮੁੰਬਈ ਦੇ ਇਕ 28 ਸਾਲਾ ਵਿਅਕਤੀ ਨੂੰ ਟਰਾਂਸਪਲਾਂਟ ਕੀਤੇ ਗਏ ਹਨ, ਜਿਸ ਨਾਲ ਨੌਜਵਾਨ ਨੂੰ ਨਵੀਂ ਜ਼ਿੰਦਗੀ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇੰਦੌਰ ਦੇ ਟਾਇਲਸ ਵਪਾਰੀ ਸੁਰਿੰਦਰ ਪੋਰਵਾਲ (69) ਦਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ 23 ਦਸੰਬਰ ਨੂੰ ਅਪੈਂਡਿਕਸ ਦਾ ਆਪ੍ਰੇਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬ੍ਰੇਨ ਸਟ੍ਰੋਕ ਹੋਣ ਨਾਲ ਉਨ੍ਹਾਂ ਨੂੰ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਬ੍ਰੇਨ ਹੈਮਰੇਜ ਕਾਰਨ ਪੋਰਵਾਲ ਦੀ ਸਰਜਰੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੈਨ ਭਾਈਚਾਰੇ ਨਾਲ ਸਬੰਧਤ ਪੋਰਵਾਲ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਖੁਦ ਉਸ ਦੇ ਅੰਗ ਦਾਨ ਕਰਨ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਸਰਜਨਾਂ ਨੇ ਸੋਮਵਾਰ ਸ਼ਾਮ ਨੂੰ 69 ਸਾਲਾ ਕਾਰੋਬਾਰੀ ਦੇ ਦਿਮਾਗੀ ਤੌਰ ’ਤੇ ਮ੍ਰਿਤਕ ਸਰੀਰ ਤੋਂ ਦੋਵੇਂ ਹੱਥ, ਜਿਗਰ ਅਤੇ ਦੋਵੇਂ ਗੁਰਦੇ ਕੱਢ ਲਏ ਹਨ।