62 ਸਾਲ ਦੀ ਉਮਰ ''ਚ ਸਾਬਕਾ ਵਿਧਾਇਕ ਨੇ ਕਰਵਾਇਆ ਦੂਜਾ ਵਿਆਹ, ਹੋ ਰਹੇ ਚਰਚੇ
Thursday, Nov 21, 2024 - 04:04 PM (IST)
ਸਮਸਤੀਪੁਰ- 62 ਸਾਲ ਦਾ ਨੇਤਾ ਇਸ ਸਮੇਂ ਖੂਬ ਸੁਰਖੀਆਂ ਵਿਚ ਹੈ। ਦਰਅਸਲ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੀ ਵਿਭੂਤੀਪੁਰ ਸੀਟ ਤੋਂ ਸਾਬਕਾ ਵਿਧਾਇਕ ਅਤੇ ਜਨਤਾ ਦਲ ਯੂਨਾਈਟੇਡ ਦੇ ਸਾਬਕਾ ਨੇਤਾ ਰਾਮਬਾਲਕ ਸਿੰਘ ਨੇ 62 ਸਾਲ ਦੀ ਉਮਰ 'ਚ ਆਪਣੀ ਅੱਧੀ ਉਮਰ ਦੀ ਇਕ ਕੁੜੀ ਨਾਲ ਦੂਜਾ ਵਿਆਹ ਕਰਵਾਇਆ ਹੈ। ਉਹ 3 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਇਕੱਲਾ ਜੀਵਨ ਬਤੀਤ ਕਰ ਰਹੇ ਸਨ। ਹਾਲਾਂਕਿ ਅਗਲੇ ਸਾਲ ਬਿਹਾਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਵਿਆਹ ਨੇ ਸਿਆਸੀ ਹਲਕਿਆਂ 'ਚ ਹਲਚਲ ਵੀ ਮਚਾ ਦਿੱਤੀ ਹੈ। ਜ਼ਿਆਦਾਤਰ ਲੋਕ ਇਸ ਵਿਆਹ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਨਾਲੋਂ ਸਿਆਸੀ ਜ਼ਿੰਦਗੀ ਨਾਲ ਜ਼ਿਆਦਾ ਜੁੜੇ ਹੋਏ ਦੇਖ ਰਹੇ ਹਨ। ਵਿਧਾਇਕ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵਿਆਹ ਕਰਵਾ ਚਰਚਾ 'ਚ ਆਏ ਰਾਮ ਬਾਲਕ
ਕਿਆਸ ਲਾਏ ਜਾ ਰਹੇ ਹਨ ਕਿ ਸਾਬਕਾ ਵਿਧਾਇਕ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਦੂਜਾ ਵਿਆਹ ਕਰਵਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਉਮਰ 'ਚ ਵਿਆਹ ਦਾ ਫੈਸਲਾ ਸਾਬਕਾ ਵਿਧਾਇਕ ਦੀ ਸ਼ਤਰੰਜ ਦੀ ਚਾਲ ਹੈ ਅਤੇ ਉਹ ਸਾਲ 2025 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਨਵੀਂ ਦੁਲਹਨ ਨੂੰ ਮੈਦਾਨ 'ਚ ਉਤਾਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਵਿਆਹ ਕਰਵਾ ਕੇ ਉਸ ਨੇ ਆਪਣਾ ਟਰੰਪ ਕਾਰਡ ਖੇਡ ਲਿਆ ਹੈ ਅਤੇ ਹੁਣ ਉਹ ਆਪਣੀ ਪਤਨੀ ਦੇ ਨਾਂ 'ਤੇ ਟਿਕਟ ਦੀ ਦਾਅਵੇਦਾਰੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਇਤਰਾਜ਼ਯੋਗ ਵੀਡੀਓ ਅਤੇ ਕੋਰਟ ਤੋਂ ਸਜ਼ਾ ਮਿਲਣ ਮਗਰੋਂ ਚਰਚਾ ਵਿਚ ਰਹੇ ਸਨ।
31 ਸਾਲ ਦੀ ਕੁੜੀ ਨਾਲ ਕੀਤਾ ਵਿਆਹ
ਮਿਲੀ ਜਾਣਕਾਰੀ ਮੁਤਾਬਕ ਰਾਮ ਬਾਲਕ ਸਿੰਘ ਦਾ ਵਿਆਹ ਸੋਮਵਾਰ ਰਾਤ ਖਗੜੀਆ ਦੇ ਪਿੰਡ ਹਰੀਪੁਰ ਦੇ ਰਹਿਣ ਵਾਲੇ ਸੀਤਾਰਾਮ ਸਿੰਘ ਦੀ 25 ਸਾਲਾ ਪੁੱਤਰੀ ਰਵੀਨਾ ਨਾਲ ਹੋਇਆ ਸੀ। ਬੇਗੂਸਰਾਏ ਦੇ ਗੜ੍ਹਪੁਰਾ ਸਥਿਤ ਮੰਦਰ 'ਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਮੰਗਲਵਾਰ ਸਵੇਰੇ ਉਹ ਆਪਣੀ ਦੁਲਹਨ ਨਾਲ ਵਿਭੂਤੀਪੁਰ ਸਥਿਤ ਆਪਣੇ ਜੱਦੀ ਘਰ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਰਾਮ ਬਾਲਕ ਸਿੰਘ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਹਨ। ਇਸ ਦੇ ਨਾਲ ਹੀ ਉਨ੍ਹਾਂ 'ਤੇ ਕਈ ਗੰਭੀਰ ਅਪਰਾਧ ਕਰਨ ਦਾ ਵੀ ਦੋਸ਼ ਹੈ। ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਸਜ਼ਾ ਵੀ ਹੋਈ ਹੈ।
ਪਿੰਡ ਦੀ ਸਰਪੰਚ ਸੀ ਪਹਿਲੀ ਪਤਨੀ
ਇਸ ਕਾਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਨਾ ਮਿਲੇ। ਕਿਉਂਕਿ ਉਨ੍ਹਾਂ ਦੀ ਪਹਿਲੀ ਪਤਨੀ ਆਸ਼ਾ ਰਾਣੀ ਜੋ ਕਿ ਪਿੰਡ ਦੀ ਮੁਖੀ ਸੀ, ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਰਾਮ ਬਾਲਕ ਸਿੰਘ ਇਸ ਤੋਂ ਪਹਿਲਾਂ ਜੇ. ਡੀ. ਯੂ ਵਿਚ ਕਿਸਾਨ ਸੈੱਲ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਹਾਲਾਂਕਿ ਫਿਲਹਾਲ ਉਹ ਪਾਰਟੀ ਵਿਚ ਕੋਈ ਅਹੁਦਾ ਨਹੀਂ ਰੱਖਦੇ ਹਨ।