ਮਹਾਕੁੰਭ: ਮੌਨੀ ਮੱਸਿਆ ’ਤੇ 6 ਕਰੋੜ ਸ਼ਰਧਾਲੂ ਕਰ ਸਕਦੇ ਹਨ ਇਸ਼ਨਾਨ
Monday, Jan 20, 2025 - 04:06 AM (IST)
ਨੈਸ਼ਨਲ ਡੈਸਕ - ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ਦੌਰਾਨ 29 ਜਨਵਰੀ ਨੂੰ 6 ਕਰੋੜ ਸ਼ਰਧਾਲੂ ਪਵਿੱਤਰ ਸ਼੍ਰੇਣੀ ਸੰਗਮ ’ਚ ਇਸ਼ਨਾਨ ਕਰਨਗੇ, ਜਦ ਕਿ ਪਿਛਲੇ ਮਹਾਕੁੰਭ ਦੌਰਾਨ ਮੌਨੀ ਮੱਸਿਆ ਵਾਲੇ ਦਿਨ ਡੁਬਕੀ ਲਗਾਉਣ ਵਾਲਿਆਂ ਦੀ ਗਿਣਤੀ ਲੱਗਭਗ 4 ਕਰੋੜ ਸੀ।
ਮਹਾਕੁੰਭ ’ਚ ਆਉਣ ਵਾਲੀ ਭੀੜ ਨੂੰ ਸੰਭਾਲਣ ਲਈ ਪਿਛਲੇ 2 ਸਾਲਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੇਲੇ ਦੇ ਪ੍ਰਬੰਧਨ ਦੀ ਦੇਖਭਾਲ ਕਰ ਰਹੇ ਸਹਿ-ਮੇਲਾ ਅਧਿਕਾਰੀ ਵਿਵੇਕ ਚਤੁਰਵੇਦੀ ਨੇ ਕਿਹਾ ਕਿ ਮਹਾਕੁੰਭ ’ਚ ਭੀੜ ਨੂੰ ਕਾਬੂ ਕਰਨ ਲਈ ਸਭ ਤੋਂ ਪਹਿਲਾਂ ਸੜਕਾਂ ਦੀ ਚੌੜਾਈ ਵਧਾਉਣ ਲਈ ਕੰਮ ਕਰਨਾ ਪਿਆ। ਇਸ ਤੋਂ ਇਲਾਵਾ ਭੀੜ ਦੇ ਪ੍ਰਬੰਧਨ ਲਈ ਏ. ਆਈ. ਦਾ ਸਹਾਰਾ ਲਿਆ ਜਾ ਰਿਹਾ ਹੈ। ਮੇਲਾ ਖੇਤਰ ’ਚ 1800 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪ੍ਰਯਾਗਰਾਜ ਸ਼ਹਿਰ ’ਚ ਲਗਭਗ 1200 ਕੈਮਰੇ ਲਗਾਏ ਗਏ ਹਨ। ਇਨ੍ਹਾਂ ਸਾਰੇ ਕੈਮਰਿਆਂ ਦੀ ਨਿਗਰਾਨੀ ਲਈ 4 ਕੇਂਦਰ ਬਣਾਏ ਗਏ ਹਨ।
ਚਤੁਰਵੇਦੀ ਨੇ ਕਿਹਾ ਕਿ ਪਿਛਲੀ ਵਾਰ ਕੁੰਭ ਮੇਲੇ ਦੌਰਾਨ 20 ਤੋਂ 25 ਕਰੋੜ ਲੋਕਾਂ ਨੇ ਪਵਿੱਤਰ ਸੰਗਮ ’ਚ ਡੁਬਕੀ ਲਗਾਈ ਸੀ ਅਤੇ ਇਸ ਵਾਰ ਇਹ ਅੰਕੜਾ 40 ਤੋਂ 45 ਕਰੋੜ ਤੱਕ ਪਹੁੰਚ ਸਕਦਾ ਹੈ। ਹਰ ਰੋਜ਼ ਲਗਭਗ 20 ਲੱਖ ਸ਼ਰਧਾਲੂ ਪ੍ਰਯਾਗਰਾਜ ਆ ਰਹੇ ਹਨ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਪ੍ਰਬੰਧਨ ਲਈ ਜ਼ਬਰਦਸਤ ਤਿਆਰੀਆਂ ਕੀਤੀਆਂ ਹਨ।