ਲੋਕ ਸਭਾ ਚੋਣਾਂ : ਹਿਮਾਚਲ 'ਚ 5 ਵਜੇ ਤੱਕ 66.56 ਫ਼ੀਸਦੀ ਵੋਟਿੰਗ

Saturday, Jun 01, 2024 - 06:24 PM (IST)

ਲੋਕ ਸਭਾ ਚੋਣਾਂ : ਹਿਮਾਚਲ 'ਚ 5 ਵਜੇ ਤੱਕ 66.56 ਫ਼ੀਸਦੀ ਵੋਟਿੰਗ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਅਤੇ ਛੇ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਲਈ 5 ਵਜੇ ਤੱਕ 66.56 ਫ਼ੀਸਦੀ ਵੋਟਿੰਗ ਹੋਈ ਹੈ। ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਜੋ ਸ਼ਾਮ 5 ਵਜੇ ਤੱਕ ਜਾਰੀ ਰਹੀ। ਸੂਬੇ ਵਿੱਚ ਸੱਤ ਹਜ਼ਾਰ ਤੋਂ ਵੱਧ ਪੋਲਿੰਗ ਕੇਂਦਰ ਬਣਾਏ ਗਏ ਸਨ। ਲੋਕ ਸਭਾ ਦੀਆਂ ਚਾਰ ਸੀਟਾਂ 'ਤੇ 37 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ। ਰਾਜ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਲਈ, 1.71 ਲੱਖ ਵੋਟਰ 18 ਤੋਂ 19 ਸਾਲ ਦੀ ਉਮਰ ਦੇ ਹਨ ਅਤੇ ਪਹਿਲੀ ਵਾਰ ਵੋਟ ਪਾ ਰਹੇ ਹਨ।

ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਅਤੇ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਰਣੌਤ ਨੇ ਵੋਟ ਪਾਈ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਾਦੌਣ ਵਿਧਾਨ ਸਭਾ ਹਲਕੇ ਦੇ ਸਰਕਾਰੀ ਹਾਈ ਸਕੂਲ ਭਾਵਡਾ ਵਿਖੇ ਆਪਣੀ ਵੋਟ ਪਾਈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਆਪਣੀ ਧੀ ਆਸਥਾ ਅਗਨੀਹੋਤਰੀ ਨਾਲ ਵੋਟ ਪਾਈ। ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ਕਾਂਗੜਾ, ਸ਼ਿਮਲਾ, ਮੰਡੀ ਅਤੇ ਹਮੀਰਪੁਰ 'ਤੇ ਵੋਟਿੰਗ ਜਾਰੀ ਹੈ।

ਹਮੀਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਸਾਬਕਾ ਵਿਧਾਇਕ ਸਤਪਾਲ ਰਾਏਜ਼ਾਦਾ ਨਾਲ ਹੈ। ਮੰਡੀ ਤੋਂ ਭਾਜਪਾ ਦੀ ਕੰਗਨਾ ਰਣੌਤ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਛੇ ਵਾਰ ਮੁੱਖ ਮੰਤਰੀ ਰਹਿ ਚੁੱਕੇ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨਾਲ ਹੈ। ਕਾਂਗੜਾ ਤੋਂ ਭਾਜਪਾ ਦੇ ਰਾਜੀਵ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਆਨੰਦ ਸ਼ਰਮਾ ਨਾਲ ਹੈ। ਸ਼ਿਮਲਾ 'ਚ ਭਾਜਪਾ ਦੇ ਸੁਰੇਸ਼ ਕਸ਼ਯਪ ਅਤੇ ਕਾਂਗਰਸ ਦੇ ਵਿਨੋਦ ਸੁਲਤਾਨਪੁਰੀ ਵਿਚਾਲੇ ਮੁਕਾਬਲਾ ਹੈ।

ਸੂਬੇ 'ਚ ਪਹਿਲੇ ਚਾਰ ਘੰਟਿਆਂ 'ਚ ਹਮੀਰਪੁਰ ਲੋਕ ਸਭਾ ਸੀਟ 'ਤੇ 31.25 ਫੀਸਦੀ, ਕਾਂਗੜਾ 'ਚ 31.29 ਫੀਸਦੀ, ਮੰਡੀ 'ਚ 33.02 ਫੀਸਦੀ ਅਤੇ ਸ਼ਿਮਲਾ 'ਚ 32.22 ਫੀਸਦੀ ਵੋਟਿੰਗ ਹੋਈ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਸੂਬੇ ਦੇ ਕੁੱਲ 7992 ਪੋਲਿੰਗ ਸਟੇਸ਼ਨਾਂ ਵਿੱਚੋਂ 369 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਕਾਂਗੜਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 118 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਇਸ ਤੋਂ ਬਾਅਦ ਸਿਰਮੌਰ ਵਿੱਚ 58, ਊਨਾ ਵਿੱਚ 51, ਸੋਲਨ ਵਿੱਚ 45, ਚੰਬਾ ਵਿੱਚ 20, ਹਮੀਰਪੁਰ ਵਿੱਚ 17, ਬਿਲਾਸਪੁਰ, ਮੰਡੀ ਅਤੇ ਸ਼ਿਮਲਾ ਵਿੱਚ ਲੜੀਵਾਰ 16-16 , ਕਿਨੌਰ ਵਿੱਚ ਸੱਤ, ਕੁੱਲੂ 'ਚ 3 ਅਤੇ ਲਾਹੌਲ-ਸਪੀਤੀ ਵਿੱਚ ਸਿਰਫ਼ ਦੋ ਪੋਲਿੰਗ ਸਟੇਸ਼ਨ ਹੀ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਹਨ। ਚੋਣ ਨਤੀਜੇ 4 ਜੂਨ ਨੂੰ ਆਉਣਗੇ।


author

Aarti dhillon

Content Editor

Related News