ਆਫ ਦਿ ਰਿਕਾਰਡ : 535 ਸੰਸਦ ਮੈਂਬਰਾਂ, 2550 ਵਿਧਾਇਕਾਂ ਨੇ ਦ੍ਰੋਪਦੀ ਮੁਰਮੂ ਨੂੰ ਦਿੱਤਾ ਸਮਰਥਨ

Sunday, Jul 17, 2022 - 11:52 AM (IST)

ਆਫ ਦਿ ਰਿਕਾਰਡ : 535 ਸੰਸਦ ਮੈਂਬਰਾਂ, 2550 ਵਿਧਾਇਕਾਂ ਨੇ ਦ੍ਰੋਪਦੀ ਮੁਰਮੂ ਨੂੰ ਦਿੱਤਾ ਸਮਰਥਨ

ਨਵੀਂ ਦਿੱਲੀ- ਸੰਸਦ ਦੇ ਦੋਹਾਂ ਸਦਨਾਂ ’ਚ ਕੁੱਲ 776 ਸੰਸਦ ਮੈਂਬਰਾਂ ’ਚੋਂ 535 ਨੇ ਭਾਜਪਾ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਆਪਣਾ ਸਮਰਥਨ ਦਿੱਤਾ ਹੈ। ਕੱਲ ਝਾਮੁਮੋ ਦੇ ਸਮਰਥਨ ਦੇਣ ਨਾਲ ਮੁਰਮੂ ਨੂੰ ਸਮਰਥਨ ਦੇਣ ਵਾਲੀਆਂ ਪਾਰਟੀਆਂ ਦੀ ਗਿਣਤੀ 28 ਹੋ ਗਈ, ਜਿਨ੍ਹਾਂ ’ਚ ਆਜ਼ਾਦ ਤੌਰ ’ਤੇ ਚੁਣੇ ਗਏ ਸੰਸਦ ਮੈਂਬਰ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 31 ਵਿਧਾਨ ਸਭਾਵਾਂ ਦੇ 4033 ’ਚੋਂ 2550 ਤੋਂ ਵੱਧ ਵਿਧਾਇਕ ਮੁਰਮੂ ਨੂੰ ਸਮਰਥਨ ਦੇ ਚੁੱਕੇ ਹਨ। ਮੁਰਮੂ ਨੂੰ ਸਮਰਥਨ ਦੇਣ ਵਾਲੀਆਂ ਸੂਬਾ ਪੱਧਰੀ ਪਾਰਟੀਆਂ ਦੀ ਗਿਣਤੀ ਅਜੇ ਵੀ ਹਰ ਲੰਘਦੇ ਦਿਨ ਨਾਲ ਵਧਦੀ ਜਾ ਰਹੀ ਹੈ। ਜੇਕਰ ਵੋਟਾਂ ਦੀ ਗਿਣਤੀ ਕੀਤੀ ਜਾਵੇ ਤਾਂ ਮੁਰਮੂ ਨੂੰ 10.86 ਲੱਖ ਵੋਟਾਂ ’ਚੋਂ 7 ਲੱਖ ਤੋਂ ਵੱਧ ਵੋਟਾਂ ਮਿਲਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਰੈਂਕਿੰਗ ਵਧਦੀ ਜਾ ਰਹੀ ਹੈ। ਸੂਬਿਆਂ ਦੀਆਂ ਕੁਝ ਛੋਟੀਆਂ ਪਾਰਟੀਆਂ ਨੂੰ ਛੱਡ ਕੇ, ਜ਼ਿਆਦਾਤਰ ਨੇ ਜਾਂ ਤਾਂ ਮੁਰਮੂ ਜਾਂ ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਦੇ ਹੱਕ ’ਚ ਆਪਣੀ ਸਥਿਤੀ ਦਾ ਐਲਾਨ ਕੀਤਾ ਹੈ। ‘ਆਪ’ ਨੇ ਹੁਣ ਸਿਨ੍ਹਾ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੇ ਰਾਜ ਸਭਾ ’ਚ 10 ਮੈਂਬਰ ਅਤੇ ਦਿੱਲੀ ’ਚ 62 ਵਿਧਾਇਕ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ’ਚ 90 ਤੋਂ ਵੱਧ ਵਿਧਾਇਕ ਹਨ।

ਇਹ ਵੀ ਪੜ੍ਹੋ : ਦੇਸ਼ ਦੇ ਪਹਿਲੇ ਟਰਾਂਸਜੈਂਡਰ ਪਾਇਲਟ ਨੂੰ ਆਸਮਾਨ 'ਚ ਉੱਡਣ ਦਾ ਸੁਫ਼ਨਾ ਪੂਰਾ ਕਰਨ ਦੀ ਫ਼ਿਕਰ

ਉਮੀਦਵਾਰ ਨੂੰ ਜਿੱਤਣ ਲਈ 5,43,216 ਵੋਟਾਂ ਦੀ ਲੋੜ ਹੋਵੇਗੀ

ਇਤਫਾਕਨ, ਜਦੋਂ 21 ਜੂਨ ਨੂੰ ਮੁਰਮੂ ਦੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਸੀ, ਤਾਂ ਐੱਨ. ਡੀ. ਏ. ਦੇ ਕੋਲ 50 ਪ੍ਰਤੀਸ਼ਤ ਦੇ ਅੰਕੜੇ ਤੋਂ 12,000 ਵੋਟਾਂ ਘੱਟ ਸਨ ਪਰ ਹੁਣ ਉਹ 7 ਲੱਖ ਵੋਟਾਂ ਦੇ ਅੰਕੜਾ ਪਾਰ ਕਰ ਗਈ ਹੈ। ਯਸ਼ਵੰਤ ਸਿਨ੍ਹਾ ਲਈ ਉਸ ਸਮੇਂ ਮੁਸ਼ਕਲ ਸਥਿਤੀ ਬਣ ਗਈ, ਜਦੋਂ ਉਨ੍ਹਾਂ ਨੂੰ ਕਈ ਸੂਬਿਆਂ ਦਾ ਦੌਰਾ ਇਸ ਲਈ ਰੱਦ ਕਰਨਾ ਪਿਆ, ਕਿਉਂਕਿ ਉਨ੍ਹਾਂ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਨੇ ਨਿਮਰਤਾ ਨਾਲ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਨਹੀਂ। ਇਸ ’ਚ ਉਨ੍ਹਾਂ ਦਾ ਆਪਣਾ ਗ੍ਰਹਿ ਸੂਬਾ ਝਾਰਖੰਡ ਵੀ ਸ਼ਾਮਲ ਸੀ, ਜਿੱਥੇ ਝਾਮੁਮੋ ਨੇ ਉਨ੍ਹਾਂ ਨੂੰ ਸਮਰਥਨ ਦੇਣ ਤੋਂ ਬਾਅਦ ਉਨ੍ਹਾਂ ਨੂੰ ਅੱਧ ਵਿਚਾਲੇ ਰਸਤੇ ’ਚ ਹੀ ਛੱਡ ਦਿੱਤਾ। ਉਨ੍ਹਾਂ ਨੂੰ ਉਦੋਂ ਹੋਰ ਝਟਕਾ ਲੱਗਾ ਜਦੋਂ ਮਹਾਰਾਸ਼ਟਰ ’ਚ ਐੱਮ. ਵੀ. ਏ. ਸਰਕਾਰ ਡਿੱਗ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦਾ ਦੌਰਾ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਲਗਭਗ 200 ਸੰਸਦ ਮੈਂਬਰਾਂ ਅਤੇ ਲਗਭਗ 1400 ਵਿਧਾਇਕਾਂ ਦਾ ਸਮਰਥਨ ਮਿਲੇਗਾ, ਜੇਕਰ ਉਹ ਉਨ੍ਹਾਂ ਨੂੰ ਵੋਟ ਪਾਉਣ ਲਈ ਆਉਂਦੇ ਹਨ। ਸਿਨ੍ਹਾ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਤੇ ਵਿਧਾਇਕ ਉਤਸ਼ਾਹਿਤ ਨਹੀਂ ਹਨ ਅਤੇ ਇਸ ਲਈ ਕਈ ਸ਼ਾਇਦ ਗੈਰ-ਹਾਜ਼ਰ ਹੋ ਸਕਦੇ ਹਨ ਜਾਂ ਗਲਤ ਵੋਟ ਪਾ ਸਕਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News