ਟਿਕਟ ਕੱਟਣ ਕਾਰਣ ਤ੍ਰਿਣਮੂਲ ਵਿਚ ਉਥਲ-ਪੁਥਲ ਤੇਜ਼, 5 ਵਿਧਾਇਕ ਭਾਜਪਾ ਵਿਚ ਸ਼ਾਮਲ
Tuesday, Mar 09, 2021 - 12:08 AM (IST)
ਕੋਲਕਾਤਾ - ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਿਚ ਉਥਲ-ਪੁਥਲ ਤੇਜ਼ ਹੋ ਗਈ ਹੈ। ਸੋਮਵਾਰ ਸੂਬੇ ਵਿਚ ਤ੍ਰਿਣਮੂਲ ਦੇ 5 ਵਿਧਾਇਕਾਂ ਨੇ ਭਾਜਪਾ ਦਾ 'ਕਮਲ' ਫੜ ਲਿਆ। ਉਕਤ ਵਿਧਾਇਕ ਸੋਨਾਲੀ ਗੋਹਾ, ਦੀਪੇਂਦਰੂ ਬਿਸਵਾਸ, ਰਬਿੰਦਰਨਾਥ ਭੱਟਾਚਾਰੀਆ, ਜਾਤੂ ਲਾਹਿੜੀ ਅਤੇ ਸਿਤਲ ਕੁਮਾਰ ਸਰਦਾਰ ਟਿਕਟ ਕੱਟੇ ਜਾਣ ਕਾਰਣ ਨਾਰਾਜ਼ ਸਨ। ਇਸ ਤੋਂ ਇਲਾਵਾ ਟਿਕਟ ਦੇ ਕੇ ਫਿਰ ਵਾਪਸ ਲਏ ਜਾਣ ਕਾਰਣ ਦੁਖੀ ਸਰਲਾ ਮੁਰਮੂ ਨੇ ਵੀ ਕੁਝ ਘੰਟਿਆਂ ਅੰਦਰ ਭਗਵਾ ਪਾਰਟੀ ਵਿਚ ਸ਼ਾਮਲ ਹੋ ਕੇ ਤ੍ਰਿਣਮੂਲ ਨੂੰ ਝਟਕਾ ਦਿੱਤਾ।
ਮਾਲਦਾ ਜ਼ਿਲੇ ਦੇ ਹਬੀਬਪੁਰ ਵਿਧਾਨ ਸਭਾ ਚੋਣ ਖੇਤਰ ਤੋਂ ਸਰਲਾ ਨੂੰ ਬਦਲ ਕੇ ਪ੍ਰਦੀਪ ਬਾਸਕੇ ਨੂੰ ਉਮੀਦਵਾਰ ਬਣਾਇਆ ਗਿਆ ਸੀ। ਦੱਸਣਯੋਗ ਹੈਕਿ ਮਮਤਾ ਬੈਨਰਜੀ ਨੇ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ 291 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਤ੍ਰਿਣਮੂਲ ਨੇ 2 ਦਰਜਨ ਤੋਂ ਵੱਧ ਵਿਧਾਇਕਾਂ ਅਤੇ ਕਈ ਮੰਤਰੀਆਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ। ਕੁਝ ਨੂੰ ਉਮਰ ਅਤੇ ਕੁਝ ਨੂੰ ਬੀਮਾਰੀ ਜਾਂ ਹੋਰ ਕਾਰਣਾਂ ਕਰ ਕੇ ਟਿਕਟ ਦੇਣ ਤੋਂ ਨਾਂਹ ਕੀਤੀ ਗਈ। ਟਿਕਟ ਕੱਟੇ ਜਾਣ 'ਤੇ ਕਈ ਵਿਧਾਇਕਾਂ ਨੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।