ਭਾਰਤ ਤੋਂ 5 ਉਡਾਣਾਂ ਰਾਹਤ ਸਮੱਗਰੀ ਲੈ ਕੇ ਮਿਆਂਮਾਰ ਪਹੁੰਚੀਆਂ
Sunday, Mar 30, 2025 - 02:36 AM (IST)

ਨਵੀਂ ਦਿੱਲੀ : ਭਾਰਤ ਨੇ ਸ਼ੁੱਕਰਵਾਰ ਨੂੰ ਮਿਆਂਮਾਰ ਵਿਚ ਆਏ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਪ੍ਰੇਸ਼ਨ ਬ੍ਰਹਮਾ ਤਹਿਤ 60 ਟਨ ਰਾਹਤ ਸਮੱਗਰੀ ਦੇ ਨਾਲ 2 ਸੀ-17 ਜਹਾਜ਼ ਭੇਜੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ 118 ਮੈਂਬਰੀ ਭਾਰਤੀ ਫੌਜ ਦੀ ਫੀਲਡ ਹਸਪਤਾਲ ਯੂਨਿਟ, ਜਿਸ ਵਿਚ ਔਰਤਾਂ ਅਤੇ ਬੱਚਿਆਂ ਦੀ ਦੇਖਭਾਲ ਸੇਵਾਵਾਂ ਸ਼ਾਮਲ ਹਨ, 60 ਟਨ ਰਾਹਤ ਸਮੱਗਰੀ ਦੇ ਨਾਲ ਮਿਆਂਮਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਅੱਜ ਭਾਰਤ ਤੋਂ 5 ਰਾਹਤ ਉਡਾਣਾਂ ਮਿਆਂਮਾਰ ਪਹੁੰਚੀਆਂ ਹਨ।
ਇਸ ਤੋਂ ਪਹਿਲਾਂ ਭਾਰਤ ਵਲੋਂ ਇਕ ਫੌਜੀ ਟਰਾਂਸਪੋਰਟ ਜਹਾਜ਼ ਰਾਹੀਂ ਯੰਗੂਨ ਵਿਚ 15 ਟਨ ਜ਼ਰੂਰੀ ਰਾਹਤ ਸਮੱਗਰੀ ਪਹੁੰਚਾਉਣ ਤੋਂ ਕੁਝ ਘੰਟਿਆਂ ਬਾਅਦ ਬਚਾਅ ਕਰਮਚਾਰੀਆਂ ਦੇ ਇਕ ਸਮੂਹ ਨੂੰ ਲੈ ਕੇ ਇਕ ਹੋਰ ਫੌਜੀ ਜਹਾਜ਼ ਮਿਆਂਮਾਰ ਦੀ ਰਾਜਧਾਨੀ ਨੇਪੀਤਾ ਪਹੁੰਚਿਆ। ਐੱਨ. ਡੀ. ਆਰ. ਐੱਫ. ਦੇ 80 ਕਰਮਚਾਰੀਆਂ ਦੀ ਇਕ ਟੀਮ ਪਹਿਲਾਂ ਹੀ ਮਿਆਂਮਾਰ ਵਿਚ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਜੂਦ ਹੈ।
ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ ਮਿਆਂਮਾਰ ਵਿਚ ਬਚਾਅ ਕਰਮਚਾਰੀ ਭੇਜਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਜਹਾਜ਼ ਆਈ. ਐੱਨ. ਐੱਸ. ਸਤਪੁੜਾ ਅਤੇ ਆਈ. ਐੱਨ. ਐੱਸ. ਸਾਵਿਤਰੀ 40 ਟਨ ਮਨੁੱਖੀ ਸਹਾਇਤਾ ਲੈ ਕੇ ਯੰਗੂਨ ਬੰਦਰਗਾਹ ਵੱਲ ਵਧ ਰਹੇ ਹਨ।