ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ, 72 ਘੰਟੇ ਪਹਿਲਾਂ ਹੋਏ ਸੀ ਟੈਸਟ
Sunday, May 10, 2020 - 06:42 PM (IST)

ਨਵੀਂ ਦਿੱਲੀ— ਏਅਰ ਇੰਡੀਆ ਦੇ ਪਾਇਲਟ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ 72 ਘੰਟੇ ਪਹਿਲਾਂ ਹੋਈ ਜਾਂਚ ਵਿਚ ਇਨ੍ਹਾਂ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਇਹ ਸਾਰੇ ਪਾਇਲਟ ਮੁੰਬਈ ਵਿਚ ਹਨ ਅਤੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ। ਪਾਇਲਟਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਪਾਇਲਟਾਂ ਨੇ ਚੀਨ ਲਈ ਕਾਰਗੋ ਉਡਾਣਾਂ ਸ਼ੁਰੂ ਕੀਤੀਆਂ ਸਨ।
ਦੱਸ ਦੇਈਏ ਕਿ ਇਹ ਪਾਇਲਟ ਅਜਿਹੇ ਸਮੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦੋਂ ਵੰਦੇ ਭਾਰਤ ਮਿਸ਼ਨ ਚਲਾਇਆ ਜਾ ਰਿਹਾ ਹੈ। ਵਿਦੇਸ਼ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਆਪਣੇ ਵਤਨ ਵਾਪਸੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਕਰ ਕੇ ਲਾਗੂ ਲਾਕਡਾਊਨ ਦਰਮਿਆਨ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵੀ ਜ਼ਰੂਰੀ ਸਾਮਾਨ ਅਤੇ ਦਵਾਈਆਂ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ 2,109 ਮੌਤਾਂ ਹੋ ਚੁੱਕੀਆਂ ਹਨ ਅਤੇ 62 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਪੀੜਤ ਮਰੀਜ਼ਾਂ ਦੀ ਗਿਣਤੀ 20,228 ਹੋ ਗਈ ਹੈ।