ਕੋਰੋਨਾ ਖਿਲਾਫ 4 ਸਾਲਾ ਬੱਚੇ ਨੇ ਦਿਖਾਇਆ ਜਜ਼ਬਾ, ਹਰ ਪਾਸੇ ਹੋ ਰਹੀ ਸ਼ਲਾਘਾ
Thursday, Apr 09, 2020 - 12:58 PM (IST)
ਹੈਦਰਾਬਾਦ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਸਰਕਾਰ ਉਚਿਤ ਕਦਮ ਚੁੱਕ ਰਹੀ ਹੈ। ਇਸ ਦੌਰਾਨ ਜਿੱਥੇ ਪੂਰੇ ਦੇਸ਼ ਦੇ ਡਾਕਟਰ ਆਪਣਾ ਘਰ-ਪਰਿਵਾਰ ਛੱਡ ਦੇਸ਼ ਦੀ ਸੇਵਾ 'ਚ ਜੁੱਟੇ ਹੋਏ ਹਨ, ਉੱਥੇ ਹੀ ਦੇਸ਼ 'ਚ ਰਾਹਤ ਫੰਡ ਦੇਣ ਤੋਂ ਇਲਾਵਾ ਕਈ ਲੋਕਾਂ ਸੈਨੇਟਾਈਜ਼ਰ ਮਸ਼ੀਨਾ, ਵੈਂਟੀਲੇਟਰ ਆਦਿ ਬਣਾ ਕੇ ਕੋਰੋਨਾ ਖਿਲਾਫ ਜੰਗ ਲੜ ਰਹੇ ਹਨ। ਇਸ ਦੌਰਾਨ ਆਂਧਰਾ ਪ੍ਰਦੇਸ਼ 'ਚ 4 ਸਾਲਾ ਬੱਚੇ ਨੇ ਜੋ ਮਦਦ ਦਾ ਜਜ਼ਬਾ ਦਿਖਾਇਆ, ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ ਇੱਥੋ ਦੇ ਵਿਜੇਵਾੜਾ ਦੇ 4 ਸਾਲਾ ਬੱਚੇ ਨੇ 971 ਰੁਪਏ 'ਮੁੱਖ ਮੰਤਰੀ ਰਾਹਤ ਫੰਡ' 'ਚ ਦਾਨ ਦਿੱਤੇ। ਬੀਤੇ ਮੰਗਲਵਾਰ ਨੂੰ ਮਾਂ ਅਤੇ ਪਿਤਾ ਦੇ ਨਾਲ ਤਾਡੇਪੱਲੀ 'ਚ ਵਾਈ.ਐੱਸ.ਆਰ ਕਾਂਗਰਸ ਪਾਰਟੀ ਦੇ ਦਫਤਰ ਜਾ ਕੇ ਸੂਚਨਾ ਅਤੇ ਜਨਸੰਪਰਕ ਮੰਤਰੀ ਪੇਰਨੀ ਵੇਂਕਟਰਾਮੈਯਾ ਨੂੰ ਇਹ ਪੈਸੇ ਦਿੱਤੇ। ਇਸ ਬੱਚੇ ਦਾ ਨਾਂ ਹੇਮੰਤ ਹੈ, ਉਸ ਨੇ ਨਵੀਂ ਸਾਈਕਲ ਖਰੀਦਣ ਲਈ ਇਹ ਰੁਪਏ ਜਮਾਂ ਕੀਤੇ ਸੀ।
ਉਹ ਮੁੱਖ ਮੰਤਰੀ ਜਗਨਮੋਹਨ ਰੈੱਡੀ ਨਾਲ ਮਿਲਣ ਲਈ ਬਹੁਤ ਉਤਸੁਕ ਸੀ। ਉਸ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਲੜਨ ਲਈ ਉਹ ਮੁੱਖ ਮੰਤਰੀ ਦੀ ਮਦਦ ਕਰਨਾ ਚਾਹੁੰਦਾ ਹੈ। ਮੰਤਰੀ ਵੇਂਕਟਰਾਮੈਯਾ ਨੇ ਹੇਮੰਤ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਦੁਆਰਾ ਦਾਨ ਕੀਤੀ ਗਈ ਰਾਸ਼ੀ ਨੂੰ ਖੁਦ ਜਾ ਕੇ ਮੁੱਖ ਮੰਤਰੀ ਨੂੰ ਸੌਂਪਣਗੇ। ਮਹਾਮਾਰੀ ਦੇ ਇਸ ਦੌਰ 'ਚ ਬੱਚੇ ਨੇ ਜੋ ਮਦਦ ਦਾ ਜਜ਼ਬਾ ਦਿਖਾਇਆ, ਉਸ ਦੀ ਮੰਤਰੀ ਨੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਬੱਚੇ ਨੂੰ ਉਹ ਖੁਦ ਨਵੀਂ ਸਾਈਕਲ ਖਰੀਦ ਕੇ ਦੇਣਗੇ।
ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ 'ਚ ਹੁਣ ਤੱਕ 304 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਮਿਲੇ ਹਨ ਜਦਕਿ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ ਅਤੇ ਇਸ ਸਮੇਂ ਦੇਸ਼ 'ਚ 21 ਦਿਨਾ ਦਾ ਲਾਕਡਾਊਨ ਲਾਇਆ ਲੱਗਾ ਹੋਇਆ ਹੈ। ਉੱਥੇ ਹੀ ਕੋਰੋਨਾਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 5734 ਤੱਕ ਪਹੁੰਚ ਗਈ ਹੈ ਜਦਕਿ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਸ਼ਖਸ ਦੀ ਅਨੋਖੀ ਪਹਿਲ, 48 ਘੰਟਿਆਂ 'ਚ ਬਣਾਈ ਆਟੋਮੈਟਿਕ ਸੈਨੇਟਾਈਜ਼ ਮਸ਼ੀਨ