ਬਿਹਾਰ ਦੀ ਅੰਤਿਮ ਵੋਟਰ ਸੂਚੀ ’ਚ ਕੱਟੇ ਗਏ 48 ਲੱਖ ਨਾਂ, ਹੁਣ 7.42 ਕਰੋੜ ਵੋਟਰ ਚੁਣਨਗੇ ਨਵੀਂ ਸਰਕਾਰ

Wednesday, Oct 01, 2025 - 12:26 AM (IST)

ਬਿਹਾਰ ਦੀ ਅੰਤਿਮ ਵੋਟਰ ਸੂਚੀ ’ਚ ਕੱਟੇ ਗਏ 48 ਲੱਖ ਨਾਂ, ਹੁਣ 7.42 ਕਰੋੜ ਵੋਟਰ ਚੁਣਨਗੇ ਨਵੀਂ ਸਰਕਾਰ

ਨਵੀਂ ਦਿੱਲੀ (ਭਾਸ਼ਾ) - ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਬਿਹਾਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ, ਜਿਸ ’ਚ ਕੁੱਲ ਵੋਟਰਾਂ ਦੀ ਗਿਣਤੀ 7.42 ਕਰੋੜ ਹੈ, ਜੋ ਹੁਣ ਸੂਬੇ ਦੀ ਨਵੀਂ ਸਰਕਾਰ ਚੁਣਨਗੇ। ਸੂਬੇ ’ਚ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਤੋਂ ਪਹਿਲਾਂ ਵੋਟਰਾਂ ਦੀ ਕੁੱਲ ਗਿਣਤੀ 7.89 ਕਰੋੜ ਸੀ। ਭਾਵ ਅੰਤਿਮ ਵੋਟਰ ਸੂਚੀ ’ਚ 48 ਲੱਖ ਨਾਂ ਕੱਟੇ ਗਏ ਹਨ। ਹਾਲਾਂਕਿ, ਅੰਤਿਮ ਅੰਕੜੇ ਲੰਘੀ 1 ਅਗਸਤ ਨੂੰ ਜਾਰੀ ਖਰੜਾ ਸੂਚੀ ’ਚ ਦਰਜ 7.24 ਕਰੋੜ ਤੋਂ ਵੱਧ ਹਨ, ਜਿਨ੍ਹਾਂ ’ਚ ਮੌਤ, ਪ੍ਰਵਾਸ ਅਤੇ ਵੋਟਰਾਂ ਦੇ ਨਾਵਾਂ ਦੇ ਦੋਹਰਾਅ ਸਮੇਤ ਵੱਖ-ਵੱਖ ਕਾਰਨਾਂ ਕਰ ਕੇ ਮੂਲ ਸੂਚੀ ’ਚੋਂ 65 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ।

ਕਮਿਸ਼ਨ ਨੇ ਕਿਹਾ ਕਿ ਸੰਭਾਵੀ ਵੋਟਰਾਂ ਵੱਲੋਂ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਅਤੇ ਪਾਰਟੀਆਂ ਤੇ ਲੋਕਾਂ ਵੱਲੋਂ ਦਰਜ ਕੀਤੇ ਗਏ ਇਤਰਾਜ਼ਾਂ ਦੇ ਇਕ ਮਹੀਨੇ ਤੱਕ ਚੱਲੇ ਮੁਲਾਂਕਣ ਤੋਂ ਬਾਅਦ ਮਸੌਦਾ ਸੂਚੀ ’ਚੋਂ 3.66 ਲੱਖ ਵੋਟਰਾਂ ਨੂੰ ਹਟਾਇਆ ਗਿਆ, ਜਦੋਂ ਕਿ 21.53 ਲੱਖ ਨਵੇਂ ਵੋਟਰ ਜੋਡ਼ੇ ਗਏ। ਚੋਣ ਪ੍ਰਕਿਰਿਆ ਦੌਰਾਨ ਪੂਰਕ ਸੂਚੀਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੰਤਿਮ ਅੰਕੜਿਆਂ ’ਚ ਥੋੜ੍ਹਾ ਬਦਲਾਅ ਹੋ ਸਕਦਾ ਹੈ। ਚੋਣ ਕਮਿਸ਼ਨ ਦੀ ਇਸ ਕਵਾਇਦ ਦਾ ਵਿਰੋਧੀ ਧਿਰ ਨੇ ਤਿੱਖਾ ਵਿਰੋਧ ਕੀਤਾ ਹੈ ਅਤੇ ਕਮਿਸ਼ਨ ’ਤੇ ਸੱਤਾਧਾਰੀ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰਨ ਦਾ ਦੋਸ਼ ਲਾਇਆ ਹੈ। ਕਮਿਸ਼ਨ ਨੇ ਵਿਰੋਧੀ ਪੱਖ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

ਬਿਹਾਰ ਚੋਣਾਂ ਦਾ ਐਲਾਨ ਅਗਲੇ ਹਫ਼ਤੇ ਸੰਭਵ
ਅੰਤਿਮ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਹੁਣ ਚੋਣ ਕਮਿਸ਼ਨ ਬਿਹਾਰ ’ਚ ਤਿਆਰੀਆਂ ਦਾ ਜਾਇਜ਼ਾ ਲੈਣ ਲਈ 4 ਅਤੇ 5 ਅਕਤੂਬਰ ਨੂੰ ਪਟਨਾ ਦਾ ਦੌਰਾ ਕਰੇਗਾ। ਇਸ ਤੋਂ ਬਾਅਦ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਅਗਲੇ ਹਫ਼ਤੇ ਬਿਹਾਰ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਐਲਾਨੇ ਜਾਣ ਦੀ ਸੰਭਾਵਨਾ ਹੈ।

ਸੰਭਾਵਨਾ ਹੈ ਕਿ ਪਹਿਲੇ ਗੇੜ ਦੀਆਂ ਵੋਟਾਂ ਦੀਵਾਲੀ ਅਤੇ ਛੱਠ ਮਹਾਉਤਸਵ ਤੋਂ ਬਾਅਦ ਅਕਤੂਬਰ ਮਹੀਨੇ ਦੇ ਅੰਤ ’ਚ ਜਾਂ ਫਿਰ ਨਵੰਬਰ ਦੇ ਪਹਿਲੇ ਹਫ਼ਤੇ ’ਚ ਹੋਵੇਗਾ। 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਚੋਣਾਂ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਪਿਛਲੀ ਵਾਰ ਵਾਂਗ ਇਸ ਵਾਰ ਵੀ 3 ਗੇੜਾਂ ’ਚ ਵੋਟਾਂ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।


author

Inder Prajapati

Content Editor

Related News