ਹਰਿਆਣਾ ਦੇ ਮੰਤਰੀਆਂ ਤੇ ਨੌਕਰਸ਼ਾਹਾਂ ਦੀਆਂ ਸਰਕਾਰੀ ਰਿਹਾਇਸ਼ਾਂ ’ਤੇ 4 ਸਾਲ ’ਚ ਖਰਚੇ ਗਏ 42.54 ਕਰੋੜ
Wednesday, Dec 20, 2023 - 02:07 PM (IST)
ਚੰਡੀਗੜ੍ਹ, (ਜ. ਬ.)- ਹਰਿਆਣਾ ਦੇ ਮੰਤਰੀਆਂ ਅਤੇ ਨੌਕਰਸ਼ਾਹਾਂ ਨੇ ਸਰਕਾਰੀ ਰਿਹਾਇਸ਼ਾਂ ਦੇ ਨਵੀਨੀਕਰਨ ’ਤੇ 4 ਸਾਲਾਂ ’ਚ 42.54 ਕਰੋੜ ਰੁਪਏ ਖਰਚ ਕੀਤੇ ਹਨ। ਏਲਨਾਬਾਦ ਤੋਂ ਇਨੈਲੋ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਹ ਅੰਕੜੇ ਪੇਸ਼ ਕੀਤੇ।
ਚੱਲ ਰਹੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਦੇ ਸਾਹਮਣੇ ਪੇਸ਼ ਕੀਤੇ ਵੇਰਵਿਆਂ ਮੁਤਾਬਕ, ਹਰਿਆਣਾ ਸਰਕਾਰ ਨੇ ਨਵੰਬਰ, 2019 ਤੋਂ ਨਵੰਬਰ, 2023 ਤੱਕ ਮੰਤਰੀਆਂ, ਬੋਰਡ ਦੇ ਪ੍ਰਧਾਨਾਂ ਅਤੇ ਨੌਕਰਸ਼ਾਹਾਂ ਨੂੰ ਅਲਾਟ ਕੀਤੇ 102 ਘਰਾਂ ਦੇ ਨਵੀਨੀਕਰਨ ਅਤੇ ਮੁਰੰਮਤ ’ਤੇ ਉਕਤ ਰਕਮ ਖਰਚ ਕੀਤੀ ਹੈ। ਹਰਿਆਣਾ ਦੇ ਵੱਖ-ਵੱਖ ਮੰਤਰੀਆਂ/ਅਧਿਕਾਰੀਆਂ/ਅਧਿਕਾਰੀਆਂ ਦੀਆਂ ਕੁੱਲ 102 ਰਿਹਾਇਸ਼ਾਂ ਹਨ, ਜਿਨ੍ਹਾਂ ਵਿਚ ਚੰਡੀਗੜ੍ਹ ਵਿਚ 84 ਅਤੇ ਪੰਚਕੂਲਾ ਵਿਚ 18 ਰਿਹਾਇਸ਼ਾਂ ਹਨ ਜੋ ਵੱਖ-ਵੱਖ ਬੋਰਡਾਂ/ਨਿਗਮਾਂ ਦੇ ਚੇਅਰਮੈਨਾਂ ਨੂੰ ਅਲਾਟ ਕੀਤੀਆਂ ਗਈਆਂ ਹਨ।
ਡਿਪਟੀ ਸੀ. ਐੱਮ. ਚੌਟਾਲਾ ਦੀ ਰਿਹਾਇਸ਼ ਦੀ 3.53 ਕਰੋੜ ਰੁਪਏ ਵਿਚ ਮੁਰੰਮਤ ਹੋਈ। ਹੋਰ ਮੰਤਰੀ ਜਾਂ ਵਿਧਾਇਕ ਜਿਨ੍ਹਾਂ ਦੇ ਘਰਾਂ ਦੀ ਮੁਰੰਮਤ 2 ਕਰੋੜ ਰੁਪਏ ਤੋਂ ਜ਼ਿਆਦਾ ਰਕਮ ’ਚ ਹੋਈ ਹੈ ਉਨ੍ਹਾਂ ਵਿਚ ਊਰਜਾ ਮੰਤਰੀ ਰਣਜੀਤ ਿਸੰਘ (2.76 ਕਰੋੜ) ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ (2.60 ਕਰੋੜ) ਸ਼ਾਮਲ ਹਨ।