ਮੋਦੀ ਦੇ ਪੀ.ਐੱਮ. ਬਣਨ ਦੇ ਬਾਅਦ ਤੋਂ ਧਰਮ-ਜਾਤੀ ਦੇ ਨਾਂ ''ਤੇ 41 ਫੀਸਦੀ ਵਧੀ ਹਿੰਸਾ!

Wednesday, Jul 26, 2017 - 05:00 PM (IST)

ਨਵੀਂ ਦਿੱਲੀ— ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦੇ ਗਠਨ ਤੋਂ ਬਾਅਦ ਧਰਮ ਅਤੇ ਜਾਤੀ ਦੇ ਨਾਂ 'ਤੇ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਇਸ 'ਚ ਜ਼ਿਆਦਾਤਰ ਘਟਨਾਵਾਂ ਉੱਤਰ ਪ੍ਰਦੇਸ਼ 'ਚ ਹੋਈਆਂ ਹਨ। ਗ੍ਰਹਿ ਰਾਜ ਮੰਤਰੀ ਗੰਗਾਰਾਮ ਅਹਿਰਵਾਰ ਵੱਲੋਂ ਸਦਨ 'ਚ ਪੇਸ਼ ਕੀਤੀ ਗਈ ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ (ਐੱਸ.ਸੀ.ਆਰ.ਬੀ.) ਦੀ ਰਿਪੋਰਟ ਅਨੁਸਾਰ ਸਾਲ 2014 'ਚ ਧਰਮ, ਨਸਲ ਜਾਂ ਜਨਮ ਸਥਾਨ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ 'ਚ ਹੋਈਆਂ ਹਿੰਸਾ ਦੀਆਂ 336 ਘਟਨਾਵਾਂ ਹੋਈਆਂ ਸਨ। ਸਾਲ 2016 'ਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਵਧ ਕੇ 475 ਹੋ ਗਈ। ਅਹਿਰਵਾਰ ਇਕ ਗਊ ਰੱਖਿਅਕਾਂ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਸਰਕਾਰ ਵੱਲੋਂ ਉਨ੍ਹਾਂ 'ਤੇ ਰੋਕ ਲਾਉਣ ਨਾਲ ਜੁੜੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਅਹਿਰਵਾਰ ਨੇ ਸਦਨ 'ਚ ਕਿਹਾ ਕਿ ਸਰਕਾਰ ਕੋਲ ਗਊ ਰੱਖਿਅਕਾਂ ਨਾਲ ਜੁੜੀ ਹਿੰਸਾ ਦਾ ਅੰਕੜਾ ਨਹੀਂ ਹੈ ਪਰ ਫਿਰਕੂ, ਜਾਤੀ ਜਾਂ ਨਸਲੀ ਗੁੱਸੇ ਨੂੰ ਵਧਾਉਣ ਵਾਲੀਆਂ ਹਿੰਸਕ ਘਟਨਾਵਾਂ ਦਾ ਅੰਕੜਾ ਮੌਜੂਦ ਹੈ।
ਮੰਤਰੀ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਰਾਜਾਂ 'ਚ ਅਜਿਹੀਆਂ ਘਟਨਾਵਾਂ 'ਚ 49 ਫੀਸਦੀ ਵਾਧਾ ਹੋਇਆ ਹੈ। ਸਾਲ 2014 'ਚ ਰਾਜਾਂ 'ਚ 318 ਅਜਿਹੀਆਂ ਘਟਨਾਵਾਂ ਹੋਈਆਂ ਸਨ, ਜੋ ਸਾਲ 2016 'ਚ ਵਧ ਕੇ 474 ਹੋ ਗਈ। ਉੱਥੇ ਹੀ ਦਿੱਲੀ ਸਮੇਤ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅਜਿਹੀਆਂ ਘਟਨਾਵਾਂ 'ਚ ਭਾਰੀ ਕਮੀ ਆਈ। ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸਾਲ 2014 'ਚ ਅਜਿਹੀਆਂ ਹਿੰਸਾ ਦੀਆਂ 18 ਘਟਨਾਵਾਂ ਹੋਈਆਂ ਸਨ ਪਰ ਸਾਲ 2016 'ਚ ਅਜਿਹੀ ਸਿਰਫ ਇਕ ਘਟਨਾ ਵਾਪਰੀ। ਉੱਤਰ ਪ੍ਰਦੇਸ਼ 'ਚ ਫਿਰਕੂ, ਜਾਤੀ ਅਤੇ ਨਸਲੀ ਭੇਦ ਨੂੰ ਵਧਾਉਣ ਵਾਲੀਆਂ ਹਿੰਸਕ ਘਟਨਾਵਾਂ ਹੋਈਆਂ ਸਨ ਤਾਂ ਸਾਲ 2016 'ਚ ਅਜਿਹੀਆਂ 116 ਘਟਨਾਵਾਂ ਹੋਈਆਂ। ਉਤਰਾਖੰਡ 'ਚ ਸਾਲ 2014 'ਚ ਅਜਿਹੀਆਂ ਸਿਰਫ 4 ਘਟਨਾਵਾਂ ਹੋਈਆਂ ਸਨ ਪਰ ਸਾਲ 2016 'ਚ ਰਾਜ 'ਚ ਅਜਿਹੀਆਂ 22 ਘਟਨਾਵਾਂ ਹੋਈਆਂ। ਯਾਨੀ ਉਤਰਾਖੰਡ 'ਚ ਅਜਿਹੀਆਂ ਘਟਨਾਵਾਂ 'ਚ 450 ਫੀਸਦੀ ਦਾ ਵਾਧਾ ਹੋਇਆ।


Related News