ਨਵੇਂ ਸਾਲ 'ਚ ਹੋ ਰਹੇ 4 ਬਦਲਾਅ, 31 ਦਸੰਬਰ ਤੱਕ ਪੂਰੇ ਕਰ ਲਓ ਇਹ ਕੰਮ
Monday, Dec 23, 2019 - 02:59 PM (IST)

ਨਵੀਂ ਦਿੱਲੀ — ਸਾਲ 2019 ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਬਚੇ ਹਨ ਅਤੇ ਆਮ ਤੌਰ 'ਤੇ ਹਰ ਨਵੇਂ ਸਾਲ 'ਚ ਕੁਝ ਨਵੇਂ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਸਾਲ ਵੀ 1 ਜਨਵਰੀ 2020 ਤੋਂ ਬੈਂਕ , ਆਮਦਨ ਟੈਕਸ , ATM ਅਤੇ ਪੈਨ ਕਾਰਡ ਨਾਲ ਜੁੜੇ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਲਈ ਤੁਸੀਂ 31 ਦਸੰਬਰ ਤੱਕ ਖੁਦ ਨੂੰ ਤਿਆਰ ਕਰ ਲਓ ਨਹੀਂ ਤਾਂ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ।
1 ਜਨਵਰੀ ਤੋਂ ਵਧ ਜਾਵੇਗਾ ITR 'ਤੇ ਜੁਰਮਾਨਾ
ਜੇਕਰ ਤੁਸੀਂ ਅਜੇ ਤੱਕ 2018-19 ਦੀ ਆਮਦਨ ਟੈਕਸ ਰਿਟਰਨ(ITR) ਨਹੀਂ ਭਰੀ ਤਾਂ ਭਾਰੀ ਜੁਰਮਾਨੇ ਤੋਂ ਬਚਣ ਲਈ 31 ਦਸੰਬਰ ਤੱਕ ITR ਭਰ ਸਕਦੇ ਹੋ। ਜੇਕਰ ਤੁਸੀਂ 31 ਦਸੰਬਰ ਤੋਂ ਪਹਿਲਾਂ ITR ਭਰ ਰਹੇ ਹੋ ਤਾਂ ਤੁਹਾਨੂੰ 5,000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ। ਹਾਲਾਂਕਿ ਜੇਕਰ ਤੁਸੀਂ 31 ਦਸੰਬਰ 2019 ਦੇ ਬਾਅਦ ਅਤੇ 31 ਮਾਰਚ 2020 ਤੋਂ ਪਹਿਲਾਂ ਰਿਟਰਨ ਭਰਦੇ ਹੋ ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਬਿਨਾਂ ਜੁਰਮਾਨੇ ਦੀ ਆਖਰੀ ਤਾਰੀਖ 31 ਅਗਸਤ 2019 ਰਹੀ ਸੀ।
ਆਧਾਰ ਅਤੇ ਪੈਨ ਨੂੰ ਲਿੰਕ ਕਰਵਾਉਣਾ ਹੋਵੇਗਾ ਲਾਜ਼ਮੀ
ਜੇਕਰ ਕਿਸੇ ਨੇ ਅਜੇ ਤੱਕ ਪੈਨ ਅਤੇ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ ਤਾਂ ਅਜੇ ਵੀ ਤੁਹਾਡੇ ਕੋਲ ਕੁਝ ਦਿਨ ਬਾਕੀ ਬਚੇ ਹਨ। ਆਮਦਨ ਟੈਕਸ ਵਿਭਾਗ ਨੇ ਪੈਨ ਅਤੇ ਆਧਾਰ ਲਿੰਕ ਕਰਨ ਦੀ ਆਖਰੀ ਤਾਰੀਕ 31 ਦਸੰਬਰ 2019 ਤੈਅ ਕੀਤੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੇਂਦਰੀ ਪ੍ਰਤੱਖ ਟੈਕਸ ਬੋਰਡ ਪੈਨ ਕਾਰਡ ਨੂੰ ਅਵੈਧ ਘੋਸ਼ਿਤ ਕਰ ਸਕਦਾ ਹੈ। ਇਸ ਤੋਂ ਬਾਅਦ ਅਵੈਧ ਪੈਨ ਦੇ ਤਹਿਤ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਹੀ ਲਾਗੂ ਹੋਵੇਗੀ। ਅਜਿਹੇ 'ਚ ਮੰਨ ਲਿਆ ਜਾਵੇਗਾ ਕਿ ਉਸ ਵਿਅਕਤੀ ਨੇ ਪੈਨ ਲਈ ਅਰਜ਼ੀ ਦਿੱਤੀ ਹੀ ਨਹੀਂ ਹੈ।
SBI ਦਾ ATM ਡੈਬਿਟ ਕਾਰਡ
ਸਟੇਟ ਬੈਂਕ ਆਫ ਇੰਡੀਆ ਆਪਣੇ ਗਾਹਕਾਂ ਦੇ ਮੈਗਨੇਟਿਕ ਸਟ੍ਰਿਪ ਡੈਬਿਟ ਕਾਰਡ ਨੂੰ ਈਐਮਵੀ(EMV) ਚਿਪ ਵਾਲੇ ਡੈਬਿਟ ਕਾਰਡ ਵਿਚ ਬਦਲਣ ਜਾ ਰਿਹਾ ਹੈ ਜਿਸਦੀ ਆਖਰੀ ਤਾਰੀਕ 31 ਦਸੰਬਰ ਹੈ। ਜੇਕਰ ਤੁਸੀਂ ਅਜੇ ਤੱਕ ਆਪਣੇ ਮੈਗਨੇਟਿਕ ਸਟ੍ਰਿਪ ਵਾਲੇ ਡੈਬਿਟ ਕਾਰਡ ਨੂੰ ਨਵੇਂ ਕਾਰਡ ਵਿਚ ਨਹੀਂ ਬਦਲਵਾਇਆ ਹੈ ਤਾਂ ਤੁਹਾਡੇ ਕੋਲ ਅਜੇ ਵੀ ਮੌਕਾ ਹੈ। ਤੁਸੀਂ ਆਪਣੀ ਬੈਂਕ ਸ਼ਾਖਾ ਵਿਚ ਜਾ ਕੇ 31 ਦਸੰਬਰ 2019 ਤੱਕ ਇਹ ਕੰਮ ਕਰ ਸਕਦੇ ਹੋ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡਾ ਡੈਬਿਟ ਕਾਰਡ ਕੰਮ ਕਰਨਾ ਬੰਦ ਕਰ ਦੇਵੇਗਾ। ਨਤੀਜੇ ਵਜੋਂ ਤੁਸੀਂ ਆਪਣੇ ਖਾਤੇ ਵਿਚ ਰੱਖੇ ਹੋਏ ਪੈਸੇ ਨਹੀਂ ਕਢਵਾ ਸਕੋਗੇ।
ਸਭ ਦਾ ਵਿਸ਼ਵਾਸ ਸਕੀਮ ਦੀ ਆਖਰੀ ਤਾਰੀਖ 31 ਦਸੰਬਰ
ਜੇਕਰ ਤੁਸੀਂ ਵੀ ਕਿਸੇ ਸੇਵਾ ਟੈਕਸ ਜਾਂ ਉਤਪਾਦ ਡਿਊਟੀ ਨਾਲ ਸਬੰਧਿਤ ਕਿਸੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਦੇ ਹੱਲ ਲਈ ਤੁਹਾਡੇ ਕੋਲ 31 ਦਸੰਬਰ ਤੱਕ ਦਾ ਸਮਾਂ ਹੈ। ਦਰਅਸਲ ਅਜਿਹੇ ਮਾਮਲਿਆਂ ਲਈ ਸਰਕਾਰ ਵਲੋਂ ਪੇਸ਼ 'ਸਭ ਦਾ ਵਿਸ਼ਵਾਸ' ਯੋਜਨਾ ਦੀ ਮਿਆਦ 31 ਦਸੰਬਰ ਨੂੰ ਖਤਮ ਹੋ ਰਹੀ ਹੈ। ਇਸ ਮਿਆਦ ਤੱਕ ਯੋਜਨਾ 'ਚ ਰਜਿਸਟ੍ਰੇਸ਼ਨ ਕਰਕੇ ਤੁਸੀਂ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿੱਤ ਮੰਤਰਾਲਾ ਇਸ ਯੋਜਨਾ ਨੂੰ ਅੱਗੇ ਨਹੀਂ ਵਧਾਏਗਾ।
KYC 'ਤੇ 31 ਦਸੰਬਰ ਨੂੰ ਆਉਣਗੇ ਨਵੇਂ ਨਿਯਮ
ਰਿਜ਼ਰਵ ਬੈਂਕ ਡਿਜੀਟਲ ਵਾਲੇਟ ਵਰਗੇ ਪ੍ਰੀਪੇਡ ਸਾਧਨ ਲਈ KYC ਨੂੰ ਆਸਾਨ ਬਣਾ ਸਕਦਾ ਹੈ। ਸੂਤਰਾਂ ਮੁਤਾਬਕ ਰਿਜ਼ਰਵ ਬੈਂਕ ਅਜਿਹੇ ਸਾਧਨਾਂ ਲਈ 31 ਦਸੰਬਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਦਰਅਸਲ ਰਿਜ਼ਰਵ ਬੈਂਕ ਨੇ ਹੁਣੇ ਜਿਹੇ ਕਿਹਾ ਕਿ ਜਲਦੀ ਹੀ ਪ੍ਰੀਪੇਡ ਸਾਧਨਾਂ ਨੂੰ ਗਾਹਕਾਂ ਦੇ ਘੱੱਟੋ-ਘੱਟ ਵੇਰਵੇ ਦੇ ਨਾਲ 10 ਹਜ਼ਾਰ ਰੁਪਏ ਤੱਕ ਦੇ ਭੁਗਤਾਨ ਲਈ ਮਨਜ਼ੂਰੀ ਦੇ ਦਿੱਤੀ ਜਾਵੇਗੀ। ਇਸ ਨਾਲ ਇਲੈਕਟ੍ਰਾਨਿਕ ਭੁਗਤਾਨ ਨੂੰ ਉਤਸ਼ਾਹ ਮਿਲੇਗਾ। ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਮੌਦਰਿਕ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਡਿਜੀਟਲ ਭੁਗਤਾਨ 'ਚ ਪ੍ਰੀਪੇਡ ਸਾਧਨ ਅਹਿਮ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਨੂੰ ਹੋਰ ਅਸਾਨ ਬਣਾਉਣ ਲਈ ਨਵੇਂ ਤਰ੍ਹਾਂ ਦੇ ਪ੍ਰੀਪੇਡ ਸਾਧਨ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।