ਐਤਵਾਰ ਨੂੰ ਦੇਸ਼ ’ਚ ਓਮੀਕਰੋਨ ਦੇ 4 ਨਵੇਂ ਮਾਮਲੇ ਆਏ, ਭਾਰਤ ’ਚ ਹੁਣ ਤਕ ਕੁੱਲ 37 ਮਰੀਜ਼

Sunday, Dec 12, 2021 - 05:00 PM (IST)

ਐਤਵਾਰ ਨੂੰ ਦੇਸ਼ ’ਚ ਓਮੀਕਰੋਨ ਦੇ 4 ਨਵੇਂ ਮਾਮਲੇ ਆਏ, ਭਾਰਤ ’ਚ ਹੁਣ ਤਕ ਕੁੱਲ 37 ਮਰੀਜ਼

ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਭਾਰਤ ’ਚ ਵੀ ਵਧ ਰਹੇ ਹਨ। ਮਹਾਰਾਸ਼ਟਰ ਦੇ ਨਾਗਪੁਰ ’ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 40 ਸਾਲਾ ਇਕ ਵਿਅਕਤੀ ਓਮੀਕਰੋਨ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਇਹ ਸ਼ਖ਼ਸ ਦੱਖਣ ਅਫਰੀਕਾ ਤੋਂ ਦਿੱਲੀ ਹੁੰਦੇ ਹੋਏ ਨਾਗਪੁਰ ਪਹੁੰਚਿਆ ਹੈ। ਇਸ ਨੂੰ ਮਿਲਾ ਕੇ ਭਾਰਤ ’ਚ ਓਮੀਕਰੋਨ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 37 ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਓਮੀਕਰੋਨ ਦੇ ਕਰਨਾਟਕ, ਚੰਡੀਗੜ੍ਹ ਅਤੇ ਆਂਧਰਾ-ਪ੍ਰਦੇਸ਼ ’ਚ ਇਕ-ਇਕ ਮਾਮਲੇ ਸਾਹਮਣੇ ਆਏ। ਦੱਸ ਦੇਈਏ ਕਿ ਭਾਰਤ ਸਰਕਾਰ ਓਮੀਕਰੋਨ ਨਾਲ ਨਜਿੱਠਣ ਲਈ ਸਖਤੀ ਵਰਤ ਰਹੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਟੈਸਟਿੰਗ ਅਤੇ ਵੈਕਸੀਨੇਸ਼ਨ ’ਤੇ ਜ਼ੋਰ ਦਿੱਤਾ ਜਾਵੇ। 

ਚੰਡੀਗੜ੍ਹ ’ਚ ਜੋ 20 ਸਾਲਾ ਨੌਜਵਾਨ ਇਨਫੈਕਟਿਡ ਪਾਇਆ ਗਿਆ ਹੈ, ਉਹ ਇਟਲੀ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। 22 ਦਸੰਬਰ ਨੂੰ ਉਹ ਇਟਲੀ ਤੋਂ ਭਾਰਤ ਆਇਆ ਸੀ, ਇਸਤੋਂ ਬਾਅਦ ਉਹ ਘਰ ’ਚ ਹੀ ਇਕਾਂਤਵਾਸ ’ਤੇ ਸੀ, ਫਿਰ ਇਕ ਦਸੰਬਰ ਨੂੰ ਦੁਬਾਰਾ ਜਾਂਚ ਹੋਣ ’ਤੇ ਉਹ ਕੋਵਿਡ ਪਾਜ਼ੇਟਿਵ ਪਾਇਆ ਗਿਆ। ਜਿਸਤੋਂ ਬਾਅਦ ਉਸਦਾ ਸੈਂਪਲ ਜੀਨੋਮ ਸਕਵੈਂਸਿੰਗ ਲਈ ਭੇਜਿਆ ਗਿਆ ਸੀ, ਜਿਸ ਵਿਚ ਓਮੀਕਰੋਨ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋ ਗਈ। 

ਉਥੇ ਹੀ ਆਂਧਰਾ-ਪ੍ਰਦੇਸ਼ ’ਚ ਓਮੀਕਰੋਨ ਪ੍ਰਭਾਵਿਤ ਵਿਅਕਤੀ ਆਇਰਲੈਂਡ ਤੋਂ ਪਰਤਿਆ ਹੈ। ਸੂਬੇ ’ਚ ਓਮੀਕਰੋਨ ਦਾ ਇਹ ਪਹਿਲਾ ਮਾਮਲਾ ਹੈ। ਕਰਨਾਟਕ ’ਚ ਜੋ ਮਰੀਜ਼ ਮਿਲਿਆ ਹੈ, ਉਹ ਦੱਖਣੀ ਅਮਰੀਕਾ ਤੋਂ ਪਰਤਿਆ ਸੀ। ਕਰਨਾਟਕ ’ਚ ਹੁਣ ਤਕ ਓਮੀਕਰੋਨ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਸਮੇਤ ਸੂਬਿਆਂ ’ਚ ਓਮੀਕਰੋਨ ਦੇ ਮਾਮਲੇ ਪਾਏ ਗਏ ਹਨ। ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 

ਜ਼ਿਕਰਯੋਗ ਹੈ ਕਿ ਕੋਵਿਡ-19 ਦਾ ਨਵਾਂ ਵੇਰੀਐਂਟ ਓਮੀਕਰਕੋਨ, ਜਿਸ ਨੂੰ ਕਾਫੀ ਖਤਰਨਾਕ ਮੰਨਿਆ ਜਾ ਰਿਹਾ ਹੈ, ਹੁਣ ਤਕ ਘੱਟੋ-ਘੱਟ 59 ਦੇਸ਼ਾਂ ’ਚ ਫੈਲ ਚੁੱਕਾ ਹੈ। ਓਮੀਕਰੋਨ ਨੂੰ ਰੋਕਣ ਲਈ ਦੁਨੀਆ ਭਰ ਦੇ ਦੇਸ਼ ਨਵੀਆਂ ਪਾਬੰਦੀਆਂ ਲਗਾ ਰਹੇ ਹਨ। ਸਰਕਾਰ ਨੇ ਵਰਤੀ ਜਾ ਰਹੀ ਢਿੱਲ, ਮਾਸਕ ਦੇ ਇਸਤੇਮਾਲ ਤੋਂ ਬਚਣਾ ਅਤੇ ਵੈਕਸੀਨੇਸ਼ਨ ’ਚ ਦੇਰੀ- ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਹੈ। 


author

Rakesh

Content Editor

Related News