ਦਿੱਲੀ ’ਚ ਮਕਾਨ ਦੀ ਛੱਤ ਡਿੱਗਣ ਨਾਲ 4 ਦੀ ਮੌਤ, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ
Saturday, Dec 19, 2020 - 01:54 PM (IST)
ਨਵੀਂ ਦਿੱਲੀ– ਪੱਛਮੀ ਦਿੱਲੀ ਦੇ ਵਿਸ਼ਣੂ ਗਾਰਡਨ ਇਲਾਕੇ ’ਚ ਮਕਾਨ ਦੀ ਛੱਤ ਡਿੱਗਣ ਨਾਲ ਅਫੜਾ-ਦਫੜੀ ਮਚੀ ਹੋਈ ਹੈ। ਇਸ ਹਾਦਸੇ ’ਚ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੁਣ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਉਥੇ ਹੀ ਜਿਸ ਮਕਾਨ ਦੀ ਛੱਤ ਡਿੱਗੀ ਹੈ ਉਸ ਦੇ ਹੇਠਾਂ ਦੱਬ ਕੇ ਹੁਣ ਤਕ ਅੱਧਾ ਦਰਜ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਰਾਹਤ ਅਤੇ ਬਚਾਅ ਦਾ ਕੰਮ ਤੇਜ਼ ਕਰ ਦਿੱਤਾ ਹੈ। ਮਰਨ ਵਾਲਿਆਂ ਦੀ ਪਛਾਣ 35 ਸਾਲਾ ਰਮੇਸ਼, 36 ਸਾਲਾ ਚੀਨਾ, 45 ਸਾਲਾ ਗੁੱਡੀ ਅਤੇ 25 ਸਾਲਾ ਟਵਿੰਕਲ ਦੇ ਰੂਪ ’ਚ ਹੋਈ ਹੈ।
ਉਥੇ ਹੀ 14 ਦਸੰਬਰ ਨੂੰ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਇਲੈਕੇ ’ਚ ਮਕਾਨ ਦੀ ਛੱਤ ਦਾ ਇਕ ਹਿੱਸਾ ਡਿੱਗਣ ਨਾਲ ਤਿੰਨ ਸਾਲ ਦੀ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਸ ਹਾਦਸੇ ਦੇ ਸਬੰਧ ’ਚ ਸੋਮਵਾਰ ਸਵੇਰੇ 10 ਵਜ ਕੇ 30 ਮਿੰਟਾਂ ’ਤੇ ਸੂਚਨਾ ਮਿਲੀ ਸੀ। ਹਾਦਸੇ ਦੇ ਸਮੇਤ ਮਾਨਵੀ ਨਾਮ ਦੀ ਬੱਚੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ’ਚ ਖੇਡ ਰਹੀ ਸੀ। ਜਿਵੇਂ ਹੀ ਛੱਤ ਦਾ ਮਲਬਾ ਡਿੱਗਾ, ਉਹ ਉਸੇ ’ਚ ਦੱਬਦੀ ਚਲੀ ਗਈ। ਛੱਤ ਡਿੱਗਣ ਨਾਲ ਘਰ ’ਚ ਅਫੜਾ-ਦਫੜੀ ਮਚ ਗਈ। ਜਾਨ ਬਚਾਉਣ ਲਈ ਪਰਿਵਾਰ ਦੇ ਮੈਂਬਰ ਦੌੜਨ ਲੱਗੇ ਤਾਂ ਪਤਾ ਲੱਗਾ ਕਿ ਮਾਨਵੀ ਮਲਬੇ ’ਚ ਦੱਬ ਗਈ ਹੈ। ਕਾਫੀ ਲੱਭਣ ਤੋਂ ਬਾਅਦ ਉਹ ਨਹੀਂ ਮਿਲੀ, ਇਸ ਤੋਂ ਬਾਅਦ ਮਲਬੇ ਨੂੰ ਹਟਾਇਆ ਗਿਆ ਤਾਂ ਉਹ ਬੇਹੋਸ਼ ਹਾਲਤ ’ਚ ਮਿਲੀ।
ਦਰਅਸਲ, ਛੱਤ ਦਾ ਇਕ ਹਿੱਸਾ ਡਿੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ ਸੀ। ਉਸ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਦੌਰਾਨ ਤਿੰਨ ਸਾਲ ਦੀ ਇਕ ਜ਼ਖਮੀ ਬੱਚੀ ਨੂੰ ਜਗਪ੍ਰਵੇਸ਼ ਹਸਪਤਾਲ ’ਚ ਲਿਜਾਇਆ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।