ਅਲ ਕਾਇਦਾ ਦੇ 4 ਅੱਤਵਾਦੀਆਂ ਨੂੰ 7 ਸਾਲ ਤੋਂ ਜ਼ਿਆਦਾ ਦੀ ਜੇਲ੍ਹ
Wednesday, Feb 15, 2023 - 10:21 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਅਲ ਕਾਇਦਾ ਦੀ ਸ਼ਾਖਾ ‘ਅਲ ਕਾਇਦਾ ਇਨ ਇੰਡੀਅਨ ਸਬ-ਕਾਂਟੀਨੈਂਟ’ (ਏ. ਕਿਊ. ਆਈ. ਐੱਸ.) ਦੇ 4 ਮੈਂਬਰਾਂ ਨੂੰ ਦੇਸ਼ ਭਰ ਵਿਚ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚਣ ਅਤੇ ਸੰਗਠਨ ਲਈ ਮੈਂਬਰਾਂ ਦੀ ਭਰਤੀ ਕਰਨ ਦੇ ਮਾਮਲੇ ਵਿਚ 7 ਸਾਲ ਅਤੇ 5 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਹਾਲਾਂਕਿ ਦੋਸ਼ੀ ਪਹਿਲਾਂ ਹੀ ਲਗਭਗ 7 ਸਾਲ 3 ਮਹੀਨੇ ਜੇਲ੍ਹ ਵਿਚ ਬਿਤਾ ਚੁੱਕੇ ਹਨ ਅਤੇ ਇਸ ਮਿਆਦ ਨੂੰ ਸਜ਼ਾ ਦਾ ਹਿੱਸਾ ਮੰਨਿਆ ਜਾਵੇਗਾ।
ਵਿਸ਼ੇਸ਼ ਜੱਜ ਸੰਜੇ ਖੰਗਵਾਲ ਨੇ ਮੌਲਾਨਾ ਮੁਹੰਮਦ ਅਬਦੁੱਲ ਰਹਿਮਾਨ ਕਾਸਮੀ, ਮੁਹੰਮਦ ਆਸਿਫ, ਜਫਰ ਮਸੂਦ ਅਤੇ ਅਬਦੁਲ ਸਾਮੀ ਨੂੰ ਇਹ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਜੱਜ ਨੇ ਸ਼ੁੱਕਰਵਾਰ ਨੂੰ ਏ. ਕਿਊ. ਆਈ. ਐੱਸ. ਦੇ 2 ਹੋਰਨਾਂ ਕਥਿਤ ਮੈਂਬਰਾਂ ਸਈਅਦ ਮੁਹੰਮਦ ਜਿਸ਼ਾਨ ਅਲੀ ਅਤੇ ਸਬੀਲ ਅਹਿਮਦ ਨੂੰ ਇਸ ਮਾਮਲੇ ਵਿਚ ਰਿਹਾਅ ਕਰ ਦਿੱਤਾ ਸੀ। ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਦੋਸ਼ ਲਾਇਆ ਸੀ ਕਿ ਕਾਸਮੀ ਉੱਤਰ ਪ੍ਰਦੇਸ਼ ਵਿਚ ਇਕ ਮਦਰੱਸਾ ਚਲਾਉਂਦਾ ਸੀ ਜਿਥੇ ਉਹ ਵਿਦਿਆਰਥੀਆਂ ਨੂੰ ਅੱਤਵਾਦੀ ਕਾਰਵਾਈਆਂ ਲਈ ਕੱਟੜਪੰਥੀ ਬਣਾਉਣ ਦਾ ਯਤਨ ਕਰਦਾ ਸੀ।