4.5 ਲੱਖ ਭਾਰਤੀ ਬੀਤੇ ਤਿੰਨ ਸਾਲਾਂ ''ਚ ਬਣੇ ਵਿਦੇਸ਼ੀ ਸਿਟੀਜ਼ਨ

Wednesday, Mar 07, 2018 - 04:08 AM (IST)

4.5 ਲੱਖ ਭਾਰਤੀ ਬੀਤੇ ਤਿੰਨ ਸਾਲਾਂ ''ਚ ਬਣੇ ਵਿਦੇਸ਼ੀ ਸਿਟੀਜ਼ਨ

ਨਵੀਂ ਦਿੱਲੀ— ਪਿਛਲੇ ਤਿੰਨ ਸਾਲਾਂ 'ਚ 4,52,109 ਭਾਰਤੀਆਂ ਨੇ 117 ਵੱਖ-ਵੱਖ ਦੇਸ਼ਾਂ ਦੀ ਸਿਟੀਜ਼ਨਸ਼ਿਪ ਹਾਸਲ ਕਰ ਲਈ ਤੇ ਅਮਰੀਕਾ 'ਚ ਪੱਕੇ ਹੋਣ ਵਾਲਿਆਂ ਦੀ ਗਿਣਤੀ ਇਨ੍ਹਾਂ 'ਚ ਸਭ ਤੋਂ ਜ਼ਿਆਦਾ ਰਹੀ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ 2015 'ਚ 18,874 ਭਾਰਤੀ ਮੂਲ ਦੇ ਨਾਗਰਿਕ ਅਮਰੀਕੀ ਸਿਟੀਜ਼ਨ ਬਣੇ ਜਦਕਿ 2016 'ਚ ਇਹ ਅੰਕੜਾ 22,990 ਦਰਜ ਕੀਤਾ ਗਿਆ। ਇਸੇ ਤਰ੍ਹਾਂ 2017 'ਚ 20,237 ਭਾਰਤੀਆਂ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ।
ਉਥੇ ਅਮਰੀਕੀ ਰਿਕਾਰਡ 'ਚ ਇਨ੍ਹਾਂ ਅੰਕੜਿਆਂ 'ਚ ਫਰਕ ਦੇਖਣ ਨੂੰ ਮਿਲਿਆ ਹੈ। ਕੈਲੀਫੋਰਨੀਆਂ 'ਚ 10,298, ਨਿਊ ਜਰਸੀ 'ਚ 5,312, ਟੈਕਸਾਸ 'ਚ 4,670 ਤੇ ਨਿਊਯਾਰਕ 2,954 ਭਾਰਤੀ ਮੂਲ ਦੇ ਲੋਕ ਅਮਰੀਕੀ ਸਿਟੀਜ਼ਨਸ਼ਿਪ ਪ੍ਰਾਪਤ ਕਰਨ 'ਚ ਸਫਲ ਰਹੇ। ਦੂਜੇ ਪਾਸੇ ਇੰਗਲੈਂਡ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 2014 'ਚ 37 ਹਜ਼ਾਰ ਤੋਂ ਵਧੇਰੇ ਭਾਰਤੀਆਂ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਹਾਸਲ ਕੀਤੀ ਸੀ ਪਰ 2017 'ਚ ਇਹ ਅੰਕੜਾ ਘੱਟ ਤੇ ਸਿਰਫ 20 ਹਜ਼ਾਰ ਰਹਿ ਗਿਆ। ਆਸਟ੍ਰੇਲੀਆ 'ਚ 2016 'ਚ 23 ਹਜ਼ਾਰ ਭਾਰਤੀਆਂ ਨੇ ਸਿਟੀਜ਼ਨਸ਼ਿਪ ਹਾਸਲ ਕੀਤੀ ਸੀ ਤੇ 2017 'ਚ ਇਹ ਅੰਕੜਾ 21 ਹਜ਼ਾਰ ਰਹਿ ਗਿਆ। ਇਕ ਅੰਦਾਜੇ ਮੁਤਾਬਕ ਕਰੀਬ 3.1 ਕਰੋੜ ਭਾਰਤੀ ਵਿਦੇਸ਼ਾਂ 'ਚ ਰਹਿ ਰਹੇ ਹਨ। ਅਮਰੀਕਾ 'ਚ ਸਭ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ ਵੱਸਦੇ ਹਨ। ਜਿਨ੍ਹਾਂ ਦੀ ਗਿਣਤੀ 35 ਲੱਖ ਦੇ ਕਰੀਬ ਹੋਣ ਦਾ ਅੰਦਾਜਾ ਹੈ। ਇਸ ਤੋਂ ਬਾਅਦ 33 ਲੱਖ ਪ੍ਰਵਾਸੀ ਭਾਰਤੀ ਸਾਊਦੀ ਅਰਬ 'ਚ ਰਹਿੰਦੇ ਹਨ।


Related News