ਅਮਰੀਕਾ ''ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 33 ਭਾਰਤੀਆਂ ਅਤੇ 121 ਪਾਕਿਸਤਾਨੀਆਂ ਨੂੰ ਭੇਜਿਆ ਵਾਪਸ
Thursday, Mar 01, 2018 - 08:57 AM (IST)

ਨਵੀਂ ਦਿੱਲੀ — ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਜਹਾਜ਼ ਬਿਨ੍ਹਾਂ ਸੂਚਨਾ ਦੇ ਉਤਰਿਆ। ਇਸ ਜਹਾਜ਼ ਦੇ ਉਤਰਣ ਦੇ ਕਾਰਨਾਂ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ 33 ਭਾਰਤੀਆਂ ਅਤੇ 121 ਪਾਕਿਸਤਾਨੀਆਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਹੈ। ਨਾਮ ਨਾ ਦੱਸਣ ਦੀ ਸ਼ਰਤ 'ਤੇ ਉਸ ਅਧਿਕਾਰੀ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਬਾਅਦ ਇਹ ਜਹਾਜ਼ ਇਸਲਾਮਾਬਾਦ ਲਈ ਰਵਾਨਾ ਹੋਇਆ ਤਾਂ ਜੋ ਉਸ ਵਿਚ ਸਵਾਰ ਪਾਕਿਸਤਾਨੀਆਂ ਨੂੰ ਉਥੇ ਛੱਡਿਆ ਜਾ ਸਕੇ।
ਜਾਣਕਾਰੀ ਅਨੁਸਾਰ ਸੈਂਟਰਲ ਉਦਯੋਗਿਕ ਸੁਰੱਖਿਆ ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ 121 ਪਾਕਿਸਤਾਨੀ ਅਤੇ 33 ਭਾਰਤੀ ਸਨ ਜੋ ਉਥੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ- 'ਜਹਾਜ਼ 14 ਫਰਵਰੀ ਦੀ ਸਵੇਰ ਸਾਢੇ 8 ਵਜੇ ਉਤਰਿਆ। ਸਾਨੂੰ ਪਹਿਲਾਂ ਹੀ ਵੱਡੀ ਗਿਣਤੀ ਵਿਚ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਅੰਦੋਲਨ ਬਾਰੇ ਦੱਸਿਆ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵੀ ਉਥੇ ਮੌਜੂਦ ਸਨ। ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਸਵਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਸੂਬਿਆਂ 'ਚ ਵਾਪਸ ਭੇਜ ਦਿੱਤਾ ਗਿਆ ਹੈ।
ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਭਾਰਤੀ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਚਾਰਟਰਡ ਜਹਾਜ਼ ਸੀ ਜਿਸਦਾ ਕੰਮ ਡਿਪੋਰਟੀਆਂ ਨੂੰ ਵਾਪਸ ਭੇਜਣਾ ਸੀ।