1 ਕਰੋੜ ਘਰਾਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ ਮੋਦੀ ਨੇ ਕੀਤੀ ‘PM ਸੂਰਯ ਘਰ’ ਯੋਜਨਾ ਦਾ ਐਲਾਨ

02/14/2024 12:29:48 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨਾਗਰਿਕਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਲਈ ‘ਪੀਐੱਮ ਸੂਰਯ ਘਰ: ਮੁਫਤ ਬਿਜਲੀ ਯੋਜਨਾ’ ਦਾ ਐਲਾਨ ਕੀਤਾ। ਉਨ੍ਹਾਂ ‘ਐਕਸ’ ’ਤੇ ਕ੍ਰਮਵਾਰ ਪੋਸਟ ’ਚ ਕਿਹਾ ਕਿ ਲੋਕਾਂ ਦੇ ਟਿਕਾਊ ਵਿਕਾਸ ਅਤੇ ਭਲਾਈ ਲਈ, ਅਸੀਂ ‘ਪੀ. ਐੱਮ. ਸੂਰਯ ਘਰ: ਮੁਫਤ ਬਿਜਲੀ ਯੋਜਨਾ’ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 75,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਵਾਲੇ ਇਸ ਪ੍ਰਾਜੈਕਟ ਦਾ ਟੀਚਾ ਹਰ ਮਹੀਨੇ 300 ਯੂਨਿਟ ਤਕ ਮੁਫਤ ਬਿਜਲੀ ਪ੍ਰਦਾਨ ਕਰ ਕੇ 1 ਕਰੋੜ ਘਰਾਂ ਨੂੰ ਰੌਸ਼ਨ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਬੈਂਕ ਖਾਤਿਆਂ ਵਿਚ ਸਿੱਧੀਆਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਤੋਂ ਲੈ ਕੇ ਭਾਰੀ ਰਿਆਇਤੀ ਬੈਂਕ ਕਰਜ਼ਿਆਂ ਤੱਕ, ਕੇਂਦਰ ਸਰਕਾਰ ਇਹ ਯਕੀਨੀ ਬਣਾਏਗੀ ਕਿ ਲੋਕਾਂ ’ਤੇ ਲਾਗਤ ਦਾ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਸਾਰੇ ਹਿੱਸੇਦਾਰਾਂ ਨੂੰ ਇਕ ਰਾਸ਼ਟਰੀ ਆਨਲਾਈਨ ਪੋਰਟਲ ਨਾਲ ਜੋੜਿਆ ਜਾਵੇਗਾ ਜਿਸ ਨਾਲ ਸਹੂਲਤ ਵਿਚ ਹੋਰ ਵਾਧਾ ਹੋਵੇਗਾ।
ਮੋਦੀ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਇਸ ਯੋਜਨਾ ਨੂੰ ਹਰਮਨ ਪਿਆਰਾ ਬਣਾਉਣ ਲਈ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਆਪਣੇ ਅਧਿਕਾਰ ਖੇਤਰ ਵਿਚ ਛੱਤਾਂ ’ਤੇ ਸੂਰਜੀ ਪ੍ਰਣਾਲੀਆਂ (ਛੱਤਾਂ ’ਤੇ ਸੂਰਜੀ ਊਰਜਾ) ਨੂੰ ਬੜ੍ਹਾਵਾ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, ਇਸ ਯੋਜਨਾ ਨਾਲ ਲੋਕਾਂ ਲਈ ਵਧੇਰੇ ਆਮਦਨ, ਘੱਟ ਬਿਜਲੀ ਦੇ ਬਿੱਲ ਅਤੇ ਰੁਜ਼ਗਾਰ ਪੈਦਾ ਹੋਵੇਗਾ।


Aarti dhillon

Content Editor

Related News