ਪਰਿਵਾਰ ਦੇ 3 ਜੀਆਂ ਨੂੰ ਸੱਪ ਨੇ ਡੰਗਿਆ, 2 ਦੀ ਮੌਤ
Saturday, Sep 20, 2025 - 09:55 PM (IST)

ਕੋਰਬਾ (ਭਾਸ਼ਾ) - ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਵਿਚ ਇਕ ਜ਼ਹਿਰੀਲੇ ਸੱਪ ਨੇ ਇਕੋ ਹੀ ਪਰਿਵਾਰ ਦੇ 3 ਜੀਆਂ ਨੂੰ ਡੰਗ ਲਿਆ ਜਿਸ ਨਾਲ ਪਿਤਾ-ਪੁੱਤਰ ਦੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮੁਤਾਬਕ ਇਹ ਘਟਨਾ ਜ਼ਿਲੇ ਦੇ ਦੱਰੀ ਥਾਣਾ ਖੇਤਰ ਦੇ ਇੰਦਰਾ ਨਗਰ ਦੀ ਹੈ, ਜਿਥੇ ਚੂੜਾਮਣੀ ਭਾਰਦਵਾਜ (52) ਅਤੇ ਉਨ੍ਹਾਂ ਦੇ ਬੇਟੇ ਪ੍ਰਿੰਸ (10) ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ।
ਚੂੜਾਮਣੀ ਦੀ ਪਤਨੀ ਰਜਨੀ (41) ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਲਕੋ ਪਲਾਂਟ ਵਿਚ ਕੰਮ ਕਰਦੇ ਚੂੜਾਮਣੀ ਦਾ ਪਰਿਵਾਰ ਘਰ ਵਿਚ ਸੁੱਤਾ ਪਿਆ ਸੀ ਤਾਂ ਇਕ ਜ਼ਹਿਰੀਲੇ ਕਰੈਤ ਸੱਪ ਨੇ ਪਹਿਲਾਂ ਚੂੜਾਮਣੀ ਨੂੰ ਡੰਗਿਆ। ਗੂੜ੍ਹੀ ਨੀਂਦ ਵਿਚ ਹੋਣ ਕਾਰਨ ਉਨ੍ਹਾਂ ਨੂੰ ਇਸਦਾ ਪਤਾ ਨਹੀਂ ਲੱਗਾ ਅਤੇ ਸੱਪ ਨੇ ਨੇੜੇ ਸੁੱਤੇ ਪਏ ਉਨ੍ਹਾਂ ਦੇ ਬੇਟੇ ਪ੍ਰਿੰਸ ਨੂੰ ਵੀ ਡੰਗ ਲਿਆ। ਜਦੋਂ ਪ੍ਰਿੰਸ ਦਰਦ ਨਾਲ ਰੋਂਦਾ ਹੋਇਆ ਉੱਠਿਆ ਤਾਂ ਉਸਦੀ ਆਵਾਜ਼ ਸੁਣਕੇ ਚੁੜਾਮਣੀ ਅਤੇ ਉਸਦੀ ਪਤਨੀ ਰਜਨੀ ਵੀ ਜਾਗ ਗਏ ਤਾਂ ਕੰਬਲ ਦੇ ਅੰਦਰ ਲੁਕੇ ਸੱਪ ਨੇ ਰਜਨੀ ਨੂੰ ਵੀ ਡੰਗ ਲਿਆ।