ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਕਿਸਾਨਾਂ ਦੀ ਮੌਤ

Sunday, Aug 23, 2026 - 03:55 AM (IST)

ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਕਿਸਾਨਾਂ ਦੀ ਮੌਤ

ਚੰਦੌਲੀ - ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲੇ ’ਚ ਸ਼ਨੀਵਾਰ ਇੱਕ ਦਰਦਨਾਕ ਘਟਨਾ ’ਚ 3 ਕਿਸਾਨਾਂ ਦੀ ਇਕ ਖੂਹ ਦੇ ਅੰਦਰ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ, ਜਦੋਂ ਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਸ਼ਹਾਬਗੰਜ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕਿਧੀਰਾ ’ਚ ਵਾਪਰੀ। ਮੌਤਾਂ ਕਾਰਨ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਰਿਪੋਰਟਾਂ ਅਨੁਸਾਰ ਪਿੰਡ ਦੇ ਇਕ ਖੂਹ ਦਾ ਸਬਮਰਸੀਬਲ ਪੰਪ ਖਰਾਬ ਹੋ ਗਿਆ ਸੀ। ਸ਼ਨੀਵਾਰ ਜਮਾਲ, ਤੌਕੀਰ ਆਲਮ, ਵਾਰਿਸ ਅਲੀ ਤੇ ਸ਼ਮਸ਼ੇਰ ਪੰਪ ਦੀ ਮੁਰੰਮਤ ਕਰਨ ਲਈ ਹੇਠਾਂ ਉਤਰੇ।

ਉਨ੍ਹਾਂ ਨੂੰ ਖੂਹ ਅੰਦਰ ਜ਼ਹਿਰੀਲੀ ਗੈਸ ਦੀ ਮੌਜੂਦਗੀ ਦਾ ਪਤਾ ਨਹੀਂ ਸੀ। ਡੂੰਘਾਈ ਤੱਕ ਪਹੁੰਚਣ ’ਤੇ ਚਾਰਾਂ ਦਾ ਸਾਹ ਘੁੱਟਣ ਲੱਗ ਪਿਆ? ਉਨ੍ਹਾਂ ਦੀ ਹਾਲਤ ਵਿਗੜ ਗਈ। ਜਦੋਂ ਖੂਹ ਦੇ ਬਾਹਰ ਖੜ੍ਹੇ ਪਿੰਡ ਵਾਸੀਆਂ ਨੇ ਖੂਹ ਅੰਦਰ ਕੋਈ ਹਰਕਤ ਨਹੀਂ ਦੇਖੀ ਤਾਂ ਉਨ੍ਹਾਂ ਨੇ ਪੁਲਸ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਚਾਰਾਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਮਾਲ, ਤੌਕੀਰ ਆਲਮ ਤੇ ਵਾਰਿਸ ਅਲੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਸ਼ਮਸ਼ੇਰ ਦਾ ਇਲਾਜ ਚੱਲ ਰਿਹਾ ਹੈ।

ਪੁਲਸ ਅਨੁਸਾਰ ਇਹ ਦੁਖਾਂਤ ਖੂਹ ’ਚ ਮੀਥੇਨ ਜਾਂ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਵਾਪਰਿਆ ਹੋ ਸਕਦਾ ਹੈ। ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Inder Prajapati

Content Editor

Related News