3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜਿਆਂ 'ਚ ਮਿਲੀ ਲਾਸ਼, ਕੰਬਿਆ ਪੂਰਾ ਇਲਾਕਾ
Saturday, Dec 27, 2025 - 10:47 AM (IST)
ਭਾਗਲਪੁਰ : ਬਿਹਾਰ ਦੇ ਭਾਗਲਪੁਰ ਵਿੱਚ ਇੱਕ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਦਿਨਾਂ ਤੋਂ ਲਾਪਤਾ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਸ ਸਨਸਨੀਖੇਜ਼ ਕਤਲ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭਾਗਲਪੁਰ ਦੇ ਨਾਥਨਗਰ ਥਾਣਾ ਖੇਤਰ ਵਿੱਚ ਵਾਪਰੀ ਹੈ। 23 ਦਸੰਬਰ ਤੋਂ ਲਾਪਤਾ ਇੱਕ ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਤਿੰਨ ਟੁਕੜਿਆਂ ਵਿੱਚ ਕੱਟ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਸ ਨੇ ਮਿਰਜ਼ਾਪੁਰ ਦੇ ਵਸਨੀਕ ਰਾਧੇ, ਰਿਤਿਕ ਅਤੇ ਆਯੁਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਪਲਾਸਟਿਕ ਦੀ ਬੋਰੀ 'ਚੋਂ ਬਰਾਮਦ ਹੋਈ ਲਾਸ਼
ਪੁਲਸ ਨੂੰ ਸ਼ੁੱਕਰਵਾਰ ਦੇਰ ਸ਼ਾਮ ਰਾਘੋਪੁਰ ਪੰਚਾਇਤ ਦੇ ਸ਼ਾਹਪੁਰ ਕਲਵਰਟ ਨੇੜੇ ਇੱਕ ਪਲਾਸਟਿਕ ਦੀ ਬੋਰੀ ਵਿੱਚ ਲਪੇਟੀ ਹੋਈ ਇੱਕ ਲਾਸ਼ ਬਰਾਮਦ ਕੀਤੀ। ਬੋਰੀ ਮਿੱਟੀ ਅਤੇ ਰੇਤ ਨਾਲ ਭਰੀ ਹੋਈ ਸੀ। ਜਦੋਂ ਪੁਲਸ ਨੇ ਬੋਰੀ ਖੋਲ੍ਹੀ ਗਈ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਅੰਦਰ ਇਕ ਨੌਜਵਾਨ ਦੀ ਲਾਸ਼ ਤਿੰਨ ਟੁਕੜਿਆਂ ਵਿੱਚ ਕੱਟੀ ਹੋਈ ਸੀ। ਸਿਰ ਅਤੇ ਦੋਵੇਂ ਲੱਤਾਂ ਅਜੇ ਵੀ ਗਾਇਬ ਹਨ। ਦੋਵੇਂ ਹੱਥ ਮੋਟੀ ਨਾਈਲੋਨ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਸਰੀਰ ਨੂੰ ਜੈਕੇਟ ਦੀ ਜ਼ਿਪ ਨਾਲ ਕੱਸ ਕੇ ਬੰਨ੍ਹਿਆ ਹੋਇਆ ਸੀ। ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਹੋਈ ਹੈ।
ਪੜ੍ਹੋ ਇਹ ਵੀ - ਹਾਈਕੋਰਟ: ਭਾਰਤ 'ਚ 16 ਸਾਲਾਂ ਤੋਂ ਘੱਟ ਉਮਰ ਦੇ ਨਿਆਣੇ ਨਾ ਚਲਾਉਣ FB, INSTA, ਲੱਗੇ ਸੋਸ਼ਲ ਮੀਡੀਆ 'ਤੇ ਪਾਬੰਦੀ
ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਲਾਸ਼ ਇਸ ਹਾਲਤ ਵਿੱਚ ਮਿਲੇਗੀ - ਪਰਿਵਾਰ
ਇਸ ਮਾਮਲੇ ਦੇ ਸਬੰਧ ਵਿਚ ਮ੍ਰਿਤਕ ਦੇ ਮਾਮਾ ਸੰਤੋਸ਼ ਕੁਮਾਰ ਨੇ ਕਿਹਾ, "ਅਸੀਂ ਤਿੰਨ ਦਿਨਾਂ ਤੋਂ ਉਸ ਦੀ ਭਾਲ ਕਰ ਰਹੇ ਸੀ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਲਾਸ਼ ਇਸ ਹਾਲਤ ਵਿੱਚ ਮਿਲੇਗੀ। ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ।" ਮ੍ਰਿਤਕ ਦੇ ਪਿਤਾ ਧਰਮਿੰਦਰ ਦਾਸ ਨੇ ਕਿਹਾ, "ਮੇਰੇ ਪੁੱਤਰ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਜੋ ਵੀ ਦੋਸ਼ੀ ਹੈ, ਉਸਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।" ਪਰਿਵਾਰ ਨੇ 24 ਦਸੰਬਰ ਨੂੰ ਨਾਥਨਗਰ ਪੁਲਸ ਸਟੇਸ਼ਨ ਵਿੱਚ ਨੌਜਵਾਨ ਦੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਪੜ੍ਹੋ ਇਹ ਵੀ - ਅਗਲੇ 48 ਘੰਟੇ ਅਹਿਮ! ਭਾਰੀ ਮੀਂਹ ਦੇ ਨਾਲ-ਨਾਲ ਪਵੇਗੀ ਹੰਢ ਚੀਰਵੀਂ ਠੰਡ, ਅਲਰਟ 'ਤੇ ਇਹ ਸੂਬੇ
ਪਹਿਲਾ ਮਾਰੀ ਗੋਲੀ, ਫਿਰ ਕੀਤੇ ਟੁੱਕੜੇ
ਪੁਲਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਕਬੂਲ ਕੀਤਾ ਕਿ ਨੌਜਵਾਨ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਦੇ ਪੱਟ ਵਿੱਚ ਗੋਲੀ ਮਾਰੀ ਗਈ ਸੀ। ਫਿਰ ਇਲੈਕਟ੍ਰਾਨਿਕ ਮਸ਼ੀਨ (ਹੈਕਸਾ ਬਲੇਡ) ਦੀ ਵਰਤੋਂ ਕਰਕੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਗਏ। ਮੁਲਜ਼ਮ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦਾ ਸਿਰ ਅਤੇ ਦੋਵੇਂ ਲੱਤਾਂ ਗੰਗਾ ਨਦੀ ਵਿੱਚ ਸੁੱਟ ਦਿੱਤੀਆਂ ਗਈਆਂ ਸਨ। ਪੁਲਸ ਉਨ੍ਹਾਂ ਨੂੰ ਬਰਾਮਦ ਕਰਨ ਲਈ ਯਤਨ ਜਾਰੀ ਰੱਖ ਰਹੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਟੀ ਸੁਪਰਡੈਂਟ ਆਫ਼ ਪੁਲਸ, ਡੀਐਸਪੀ 2 ਅਤੇ ਨਾਥਨਗਰ ਇੰਸਪੈਕਟਰ ਨਿੱਜੀ ਤੌਰ 'ਤੇ ਇਸ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਇਲਾਕੇ ਵਿੱਚ ਤਣਾਅ ਅਤੇ ਦਹਿਸ਼ਤ ਦੇ ਮਾਹੌਲ ਨੂੰ ਦੇਖਦੇ ਹੋਏ ਪੁਲਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਗਲਪੁਰ ਵਿੱਚ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ, ਉਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
