ਮਨਮੋਹਨ ਬੋਲੇ-ਦੇਸ਼ ਦੇ ਸਾਹਮਣੇ 3 ਸੰਕਟ, ਨਜਿੱਠਣ ਲਈ ਮੋਦੀ ਨੂੰ ਦਿੱਤੇ 3 ‘ਮੰਤਰ’
Saturday, Mar 07, 2020 - 02:26 AM (IST)
ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੋਰੋਨਾ ਵਾਇਰਸ, ਆਰਥਿਕ ਸੁਸਤੀ ਅਤੇ ਸੀ. ਏ. ਏ. ਵਿਰੋਧ ਅਤੇ ਹਿੰਸਾ ਨੂੰ ਦੇਸ਼ ਦੇ ਸਾਹਮਣੇ ਮੌਜੂਦ 3 ਸੰਕਟ ਗਿਣਾਉਂਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਅੰਦਰੂਨੀ ਸਮਾਜਕ ਢਾਂਚੇ ਨੂੰ ਨੁਕਸਾਨ ਪੁੱਜੇਗਾ ਅਤੇ ਸਵਾਲ ਕੀਤਾ ਕਿ ਇਸ ਹਾਲਾਤ ਵਿਚ ਦੇਸ਼ ਦਾ ਵਿਕਾਸ ਕਿਵੇਂ ਹੋਵੇਗਾ? ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਆਰਥਿਕ ਅਤੇ ਲੋਕਤਾਂਤਰਿਕ ਸ਼ਕਤੀ ਦੇ ਰੂਪ ਵਿਚ ਦੇਸ਼ ਦੀ ਗਲੋਬਲ ਸਥਿਤੀ ਨੂੰ ਵੀ ਖਤਰਾ ਪੈਦਾ ਹੋਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਰਫ ਗੱਲਾਂ ਦੀ ਨਹੀਂ, ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਤਿੰਨਾਂ ਚੁਣੌਤੀਆਂ ਤੋਂ ਮੁਕਤੀ ਪਾਉਣ ਲਈ 3 ‘ਮੰਤਰ’ (ਰਾਹ) ਵੀ ਦੱਸੇ।
ਇਕ ਅਖਬਾਰ ਵਿਚ ਲਿਖੇ ਆਪਣੇ ਲੇਖ ਵਿਚ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਕੰਮਾਂ ਨਾਲ ਇਹ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਦੇਸ਼ ਇਨ੍ਹਾਂ ਚੁਣੌਤੀਆਂ ਤੋਂ ਮੁਕਤੀ ਪਾਉਣ ਲਈ ਸਮਰੱਥ ਹੈ। ਉਨ੍ਹਾਂ ਚੀਨ, ਇਟਲੀ ਅਤੇ ਅਮਰੀਕਾ ਵਲੋਂ ਉਠਾਏ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੂੰ ਵੀ ਕੋਰੋਨਾ ਦੇੇ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕੋਰੋਨਾ ਦੀ ਰੋਕਥਾਮ ਲਈ ਹਰ ਕੋਸ਼ਿਸ਼ ’ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ (ਮੋਦੀ) ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਰੋਕਣ ਲਈ ਨਾਗਰਿਕਤਾ ਕਾਨੂੰਨ ਵਿਚ ਸੋਧ ਕਰਨ ਜਾਂ ਇਸ ਨੂੰ ਵਾਪਸ ਲੈਣ। ਆਰਥਿਕ ਸੁਸਤੀ ਨਾਲ ਨਜਿੱਠਣ ਲਈ ਉਨ੍ਹਾਂ ਚੌਕਸੀ ਨਾਲ ਸਰਕਾਰੀ ਪ੍ਰੋਤਸਾਹਨ ਯੋਜਨਾ ’ਤੇ ਧਿਆਨ ਦੇਣ ਦੀ ਵੀ ਸਲਾਹ ਦਿੱਤੀ। ਮਨਮੋਹਨ ਸਿੰਘ ਨੇ ਨਿਆਂ ਪ੍ਰਣਾਲੀ ਅਤੇ ਮੀਡੀਆ ’ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਮੌਜੂਦਾ ਘਟਨਾਵਾਂ ਨੂੰ ਸਹੀ ਠਹਿਰਾਉਣ ਲਈ ਹਿੰਸਾ ਦੀਆਂ ਪਿਛਲੀਆਂ ਘਟਨਾਵਾਂ ਦੀ ਉਦਾਹਰਣ ਦੇਣਾ ਸਹੀ ਨਹੀਂ ਹੈ।