ਦਿੱਲੀ : ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦੀ ਕੀਤੀ ਹੱਤਿਆ
Sunday, Jun 23, 2019 - 01:04 AM (IST)

ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਹਰੌਲੀ ਇਲਾਕੇ 'ਚ 42 ਸਾਲ ਦੇ ਇਕ ਵਿਅਕਤੀ ਨੇ ਸ਼ੁੱਕਰਵਾਰ ਦੇਰ ਰਾਤ ਆਪਣੀ ਪਤਨੀ ਤੇ 3 ਬੱਚਿਆਂ ਦੀ ਕਥਿਤ ਤੌਰ 'ਤੇ ਗੱਲਾ ਕੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨਿਜੀ ਅਧਿਆਪਕ ਉਪੇਂਦਰ ਸ਼ੁਕਲਾ ਵਲੋਂ ਆਪਣੀ ਪਤਨੀ ਤੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁਕਲਾ ਬਿਹਾਰ ਦੇ ਚੰਪਾਰਣ ਜ਼ਿਲੇ ਦਾ ਨਿਵਾਸੀ ਹੈ। ਪੁਲਸ ਡਿਪਟੀ ਕਮਿਸ਼ਨਰ ਵਿਜੇ ਕੁਮਾਰ ਨੇ ਦੱਸਿਆ ਕਿ ਸ਼ੁਕਲਾ ਨੇ ਆਪਣੀ ਪਤਨੀ ਅਰਚਨਾ, 2 ਮਹੀਨੇ ਦੀ ਬੇਟੀ, 7 ਸਾਲ ਦੀ ਬੇਟੀ ਤੇ 5 ਸਾਲ ਦੇ ਬੇਟੇ ਦੀ ਸ਼ੁੱਕਰਵਾਰ ਦੇਰ ਰਾਤ ਗੱਲਾ ਕੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਸਮੇਂ ਦੋਸ਼ੀ ਦੀ ਸੱਸ ਉਸ ਦੇ 2 ਕਮਰਿਆਂ ਦੇ ਘਰ 'ਚ ਮੌਜੂਦ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦ ਉਪੇਂਦਰ ਨੇ ਆਪਣੇ ਕਮਰੇ ਦਾ ਦਰਵਾਜਾ ਨਹੀਂ ਖੋਲਿਆ ਤਾਂ ਉਸ ਦੀ ਸੱਸ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਗੁਆਂਢੀਆਂ ਨੇ ਦਰਵਾਜਾ ਤੋੜਿਆ ਤਾਂ ਉਪੇਂਦਰ ਨੂੰ ਲਾਸ਼ਾਂ ਦੇ ਕੋਲ ਬੇਹੋਸ਼ ਦੇਖਿਆ। ਅਧਿਕਾਰੀ ਨੇ ਦੱਸਿਆ ਕਿ ਇਸ ਦੇ ਬਾਅਦ ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਕਮਿਸ਼ਨਰ ਨੇ ਦੱਸਿਆ ਕਿ ਲਾਸ਼ਾਂ ਕੋਲੋਂ 2 ਲਿਖਤ ਨੋਟ ਮਿਲੇ ਹਨ।
ਜਿਸ 'ਚ ਉਪੇਂਦਰ ਨੇ ਆਪਣੀ ਪਤਨੀ ਤੇ ਬੱਚਿਆਂ ਦੀ ਹੱਤਿਆ ਦੀ ਗੱਲ ਕਬੂਲ ਕੀਤੀ ਹੈ। ਹਾਲਾਂਕਿ ਉਸ ਨੇ ਇਸ ਨੋਟ 'ਚ ਹੱਤਿਆ ਕਰਨ ਦਾ ਕਾਰਨ ਨਹੀਂ ਦੱਸਿਆ ਹੈ। ਸ਼ੁਕਲਾ ਦੀ ਪਤਨੀ ਕਿਸੇ ਬੀਮਾਰੀ ਨਾਲ ਪੀੜਤ ਸੀ ਤੇ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਾਥਮਿਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਹੱਤਿਆਵਾਂ ਸ਼ੁੱਕਰਵਾਰ ਨੂੰ ਦੇਰ ਰਾਤ ਇਕ ਤੋਂ ਡੇਢ ਵਜੇ ਵਿਚਾਲੇ ਕੀਤੀਆਂ ਗਈਆਂ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਏਮਜ਼ ਭੇਜ ਦਿੱਤਾ ਗਿਆ ਹੈ। ਪੀੜਤ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਇਥੇ ਪਹੁੰਚਣ 'ਤੇ ਐਤਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੱਤਿਆਵਾਂ 'ਚ ਇਸਤੇਮਾਲ ਕੀਤਾ ਗਿਆ ਚਾਕੂ ਜ਼ਬਤ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।