27 ਸਾਲ ਪਹਿਲਾਂ ਪਤਨੀ ਨੂੰ ਸਾੜਿਆ ਸੀ ਜ਼ਿੰਦਾ, ਪੁਲਸ ਨੇ ਇੰਝ ਕਾਬੂ ਕੀਤਾ 70 ਸਾਲਾ ਕਾਤਲ ਪਤੀ
Friday, Sep 27, 2024 - 10:23 PM (IST)
ਨੈਸ਼ਨਲ ਡੈਸਕ- ਕਰਨਾਟਕ ਦੇ ਤੁਮਕੁਰੂ 'ਚ ਪੁਲਸ ਨੇ 27 ਸਾਲ ਪਹਿਲਾਂ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਉਮਰ ਫਿਲਹਾਲ 70 ਸਾਲ ਹੈ। ਪਤਨੀ ਨੂੰ ਅੱਗ ਲਗਾਉਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪੁਲਸ ਦੇ ਹੱਥ ਨਹੀਂ ਆ ਰਿਹਾ ਸੀ।
ਇਹ ਸਨਸਨੀਖੇਜ਼ ਘਟਨਾ ਤੁਮਕੁਰੂ ਦੇ ਨੌਨਵਿਨਾਕੇਰੇ ਥਾਣਾ ਖੇਤਰ ਦੀ ਹੈ। ਮੁਲਜ਼ਮ ਦੀ ਪਛਾਣ ਨਿੰਗੱਪਾ ਵਜੋਂ ਹੋਈ ਹੈ। ਜੋ 1997 ਤੋਂ ਫਰਾਰ ਚੱਲ ਰਿਹਾ ਸੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਤੁਮਕੁਰੂ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਅਸ਼ੋਕ ਕੇਵੀ ਨੇ ਕਿਹਾ ਕਿ ਇਹ ਗ੍ਰਿਫਤਾਰੀ ਲੰਬੇ ਸਮੇਂ ਤੋਂ ਲਟਕ ਰਹੇ ਮਾਮਲਿਆਂ ਨੂੰ ਸੁਲਝਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ।
ਪੁਲਸ ਸੁਪਰਡੈਂਟ ਮੁਤਾਬਕ ਨਿੰਗੱਪਾ ਨੇ ਘਰੇਲੂ ਝਗੜਿਆਂ ਨੂੰ ਲੈ ਕੇ ਆਪਣੀ ਪਤਨੀ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ। ਇਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।
ਜ਼ਿਲ੍ਹਾ ਐੱਸ.ਪੀ. ਅਸ਼ੋਕ ਕੇਵੀ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਪੁਰਾਣੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਸਾਹਮਣੇ ਆਇਆ ਸੀ। ਇਸੇ ਤਹਿਤ ਮੁਲਜ਼ਮ ਨਿੰਗੱਪਾ ਨੂੰ ਤਿੰਨ ਦਿਨ ਪਹਿਲਾਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਪਿੰਡ ਗਿਆ ਹੋਇਆ ਸੀ।
ਐੱਸ.ਪੀ. ਅਸ਼ੋਕ ਕੇਵੀ ਨੇ ਕਿਹਾ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਪੈਂਡਿੰਗ ਸੀ ਅਤੇ ਹੁਣ ਉਸ (ਦੋਸ਼ੀ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਵਾਪਸ ਆਪਣੇ ਪਿੰਡ ਆ ਗਿਆ ਅਤੇ ਉਸ ਦੇ ਲੜਕੇ ਨੇ ਉਸ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਸੰਪਰਕ ਰਾਹੀਂ ਅਸੀਂ ਉਸ ਨੂੰ ਫੜ ਲਿਆ। ਇਹ ਘਰੇਲੂ ਹਿੰਸਾ ਦਾ ਮਾਮਲਾ ਸੀ। ਜਦੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਤਾਂ ਔਰਤ ਨੇ ਮਰਦੇ ਸਮੇਂ ਕਿਹਾ ਸੀ ਕਿ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ 'ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ।
ਪੁਲਸ ਸੁਪਰਡੈਂਟ ਨੇ ਕਿਹਾ ਕਿ ਮਰਦੇ ਸਮੇਂ ਦਿੱਤੇ ਗਏ ਬਿਨਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਨੂੰ ਕੋਈ ਨਹੀਂ ਬਚਾ ਸਕਦਾ। ਪਹਿਲਾਂ ਤਾਂ ਇਹ ਕਤਲ ਦੀ ਕੋਸ਼ਿਸ਼ ਦਾ ਮਾਮਲਾ ਸੀ ਪਰ ਔਰਤ ਦੀ ਮੌਤ ਤੋਂ ਬਾਅਦ ਇਸ ਨੂੰ ਕਤਲ ਵਿੱਚ ਬਦਲ ਦਿੱਤਾ ਗਿਆ ਸੀ।