ਵੱਡੀ ਵਾਰਦਾਤ! ਚੱਲਦੀ ਬੱਸ 'ਚ ਡਰਾਈਵਰ ਨੇ ਕੀਤਾ ਲੜਕੀ ਨਾਲ ਜਬਰ ਜਨਾਹ
Tuesday, Jul 30, 2024 - 06:51 PM (IST)
ਹੈਦਰਾਬਾਦ : ਤੇਲੰਗਾਨਾ ਦੇ ਨਿਰਮਲ ਜ਼ਿਲੇ ਤੋਂ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਵੱਲ ਜਾ ਰਹੀ ਇਕ ਨਿੱਜੀ 'ਸਲੀਪਰ ਬੱਸ' ਦੇ ਡਰਾਈਵਰ ਨੇ ਇਕ 26 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਲੜਕੀ ਨੇ ਸੋਮਵਾਰ ਅੱਧੀ ਰਾਤ ਤੋਂ ਬਾਅਦ 'ਡਾਇਲ 100' 'ਤੇ ਕਾਲ ਕੀਤੀ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਉਸ ਸਮੇਂ ਬੱਸ ਹੈਦਰਾਬਾਦ ਦੇ ਬਾਹਰੀ ਇਲਾਕੇ ਵਿਚ ਸੀ।
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਦਾ ਪਤਾ ਲਗਾਇਆ ਗਿਆ ਅਤੇ ਜਦੋਂ ਇਹ ਮੇਟੂਗੁਡਾ ਖੇਤਰ ਦੇ ਨੇੜੇ ਹੌਲੀ ਹੋ ਗਈ ਤਾਂ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਦੇ ਮੂੰਹ 'ਚ ਕੱਪੜਾ ਤੁੰਨ ਦਿੱਤਾ ਤੇ ਗੱਡੀ 'ਚ ਹੋਰ ਸਵਾਰੀਆਂ ਹੋਣ ਦੇ ਬਾਵਜੂਦ ਚੱਲਦੀ ਬੱਸ 'ਚ ਉਸ ਨਾਲ ਜਬਰ ਜਨਾਹ ਕੀਤਾ। ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਬੱਸ ਡਰਾਈਵਰਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਹਸਪਤਾਲ ਭੇਜਿਆ ਗਿਆ ਅਤੇ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਉਸਮਾਨੀਆ ਯੂਨੀਵਰਸਿਟੀ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।