ਕਾਨਪੁਰ : ਠੇਲ੍ਹੇ ’ਤੇ ਪਾਨ, ਚਾਟ ਅਤੇ ਸਮੋਸੇ ਵੇਚਣ ਵਾਲੇ 256 ਲੋਕ ਨਿਕਲੇ ਕਰੋੜਪਤੀ
Thursday, Jul 22, 2021 - 10:46 PM (IST)
ਕਾਨਪੁਰ- ਸੜਕ ਕੰਡੇ ਠੇਲ੍ਹੇ-ਰੇਹੜੀਆਂ ’ਚ ਪਾਨ, ਖਸਤੇ, ਚਾਟ ਅਤੇ ਸਮੋਸੇ ਵੇਚ-ਵੇਚ ਕੇ ਸੈਂਕੜੇ ਵਪਾਰੀ ਕਰੋੜਾਂ ’ਚ ਖੇਡ ਰਹੇ ਹਨ। ਗਲੀ-ਮੁਹੱਲੇ ਦੇ ਛੋਟੇ-ਛੋਟੇ ਕਰਿਆਨਾ ਅਤੇ ਦਵਾਈ ਵਪਾਰੀ ਵੀ ਕਰੋੜਪਤੀ ਹਨ। ਫਲ ਵੇਚਣ ਵਾਲੇ ਵੀ ਸੈਂਕੜੇ ਵਿੱਘੇ ਵਾਹੀਯੋਗ ਜ਼ਮੀਨ ਦੇ ਮਾਲਕ ਹਨ। ਤੁਹਾਡੇ ਕੋਲ ਸ਼ਾਇਦ ਇਕ ਹੀ ਕਾਰ ਹੋਵੇ ਪਰ ਕੁੱਝ ਕਬਾੜੀਆਂ ਦੇ ਕੋਲ 3-3 ਕਾਰਾਂ ਹਨ ਪਰ ਇਹ ਨਾ ਤਾਂ ਆਮਦਨਕਰ ਦੇ ਨਾਂ ’ਤੇ ਇਕ ਪੈਸਾ ਟੈਕਸ ਦੇ ਰਹੇ ਹਨ, ਨਾ ਹੀ ਜੀ. ਐੱਸ. ਟੀ.। ਬਿਗ ਡੇਟਾ ਸਾਫਟਵੇਅਰ, ਆਮਦਨਕਰ ਵਿਭਾਗ ਅਤੇ ਜੀ. ਐੱਸ. ਟੀ. ਰਜਿਸਟਰੇਸ਼ਨ ਦੀ ਜਾਂਚ ’ਚ ਅਜਿਹੇ 256 ਠੇਲ੍ਹੇ ਵਾਲੇ ਕਰੋੜਪਤੀ ਨਿਕਲੇ ਹਨ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਦੇਖਣ ’ਚ ਗਰੀਬ ਦਿੱਸਣ ਵਾਲੇ ਲੁਕੇ ਧੰਨਾ ਸੇਠਾਂ ’ਤੇ ਆਮਦਨਕਰ ਵਿਭਾਗ ਦੀਆਂ ਲੰਮੇਂ ਸਮੇਂ ਤੋਂ ਖੁਫੀਆ ਨਜ਼ਰਾਂ ਸਨ। ਸਿਰਫ ਇਨਕਮ ਟੈਕਸ ਦੇਣ ਵਾਲੇ ਅਤੇ ਰਿਟਰਨ ਭਰਨ ਵਾਲੇ ਕਰਦਾਤਿਆਂ ਦੀ ਮਾਨੀਟਰਿੰਗ ਤੋਂ ਇਲਾਵਾ ਗਲੀ-ਮੁਹੱਲਿਆਂ ’ਚ ਧੜੱਲੇ ਨਾਲ ਮੋਟੀ ਕਮਾਈ ਕਰ ਰਹੇ ਅਜਿਹੇ ਵਪਾਰੀਆਂ ਦਾ ਡਾਟਾ ਵੀ ਵਿਭਾਗ ਲਗਾਤਾਰ ਜੁਟਾ ਰਿਹਾ ਹੈ। ਅਤਿਆਧੁਨਿਕ ਟੈਕਨੋਲਾਜੀ ਨੇ ਖੁਫੀਆ ਕਰੋੜਪਤੀਆਂ ਨੂੰ ਫੜਣਾ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਵਪਾਰੀਆਂ ਨੇ ਇਕ ਪੈਸਾ ਟੈਕਸ ਦਾ ਨਹੀਂ ਦਿੱਤਾ ਪਰ 4 ਸਾਲ ’ਚ 375 ਕਰੋੜ ਰੁਪਏ ਦੀ ਪ੍ਰਾਪਰਟੀ ਖਰੀਦ ਲਈ। ਇਹ ਜਾਇਦਾਦਾਂ ਆਰਿਆ ਨਗਰ, ਸਵਰੂਪ ਨਗਰ, ਬਿਰਹਾਨਾ ਰੋਡ, ਹੂਲਾਗੰਜ, ਪੀ. ਰੋਡ, ਗੁਮਟੀ ਵਰਗੇ ਬੇਹੱਦ ਮਹਿੰਗੇ ਕਮਰਸ਼ੀਅਲ ਇਲਾਕਿਆਂ ’ਚ ਖਰੀਦੀਆਂ ਗਈਆਂ। ਦੱਖਣੀ ਕਾਨਪੁਰ ’ਚ ਰਿਹਾਇਸ਼ੀ ਜ਼ਮੀਨਾਂ ਵੀ ਖਰੀਦੀਆਂ। 30 ਕਰੋੜ ਤੋਂ ਜ਼ਿਆਦਾ ਦੇ ਕੇ. ਵੀ. ਪੀ. ਖਰੀਦ ਲਏ। 650 ਵਿੱਘਾ ਵਾਹੀਯੋਗ ਜ਼ਮੀਨ ਦੇ ਮਾਲਕ ਵੀ ਇਹ ਬਣ ਗਏ। ਇਹ ਜ਼ਮੀਨਾਂ ਕਾਨਪੁਰ ਦੇਹਾਤ, ਕਾਨਪੁਰ ਨਗਰ ਦੇ ਪੇਂਡੂ ਇਲਾਕਿਆਂ, ਬਿਠੂਰ, ਨਾਰਾਮਊ, ਮੰਧਨਾ, ਬਿਲਹੌਰ, ਕਕਵਨ, ਸਰਸੌਲ ਤੋਂ ਲੈ ਕੇ ਫੱਰੁਖਾਬਾਦ ਤੱਕ ਖਰੀਦੀਆਂ ਗਈਆਂ ਹਨ।
ਇਹ ਖ਼ਬਰ ਪੜ੍ਹੋ- ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ 5 ਕਿਸਾਨਾਂ ਨੂੰ ਮਿਲੀ ਜ਼ਮਾਨਤ
ਆਰਿਆ ਨਗਰ ਦੀਆਂ ਦੋ, ਸਵਰੂਪ ਨਗਰ ਦੀ ਇਕ ਅਤੇ ਬਿਰਹਾਨਾ ਰੋਡ ਦੀਆਂ ਦੋ ਪਾਨ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਕੋਰੋਨਾ ਕਾਲ ’ਚ 5 ਕਰੋੜ ਦੀ ਪ੍ਰਾਪਰਟੀ ਖਰੀਦੀ ਹੈ। ਮਾਲ ਰੋਡ ਦਾ ਖਸਤੇ ਵਾਲਾ ਵੱਖ-ਵੱਖ ਠੇਲ੍ਹਿਆਂ ’ਤੇ ਹਰ ਮਹੀਨੇ ਸਵਾ ਲੱਖ ਰੁਪਏ ਕਿਰਾਇਆ ਦੇ ਰਿਹਾ ਹੈ। ਸਵਰੂਪ ਨਗਰ, ਹੂਲਾਗੰਜ ਦੇ 2 ਖਸਤੇ ਵਾਲਿਆਂ ਨੇ ਦੋ ਇਮਾਰਤਾਂ ਖਰੀਦ ਲਈਆਂ। ਲਾਲ ਬੰਗਲਾ ਦਾ ਇਕ ਅਤੇ ਬੇਕਨਗੰਜ ਦੇ 2 ਕਬਾੜੀਆਂ ਨੇ 3 ਜਾਇਦਾਦਾਂ ਦੋ ਸਾਲ ’ਚ ਖਰੀਦੀਆਂ ਹਨ, ਜਿਨ੍ਹਾਂ ਦੀ ਬਾਜ਼ਾਰ ਕੀਮਤ 10 ਕਰੋਡ਼ ਤੋਂ ਜ਼ਿਆਦਾ ਹੈ। ਬਿਰਹਾਨਾ ਰੋਡ, ਮਾਲਰੋਡ, ਪੀ. ਰੋਡ ਦੇ ਚਾਟ ਵਪਾਰੀਆਂ ਨੇ ਜ਼ਮੀਨਾਂ ’ਤੇ ਚੋਖਾ ਨਿਵੇਸ਼ ਕੀਤਾ । ਜੀ. ਐੱਸ. ਟੀ. ਰਜਿਸਟਰੇਸ਼ਨ ਤੋਂ ਬਾਹਰ ਛੋਟੇ ਕਰਿਆਨਾ ਵਪਾਰੀਆਂ ਅਤੇ ਦਵਾਈ ਵਪਾਰੀਆਂ ਦੀ ਗਿਣਤੀ 65 ਤੋਂ ਜ਼ਿਆਦਾ ਹੈ ਜਿਨ੍ਹਾਂ ਨੇ ਕਰੋੜਾਂ ਰੁਪਏ ਕਮਾਏ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।