ਹੈਰਾਨੀਜਨਕ ਮਾਮਲਾ ! ਕਾਰ ਦੇ ਟਾਇਰ ''ਚੋਂ ਹਵਾ ਦੀ ਬਜਾਏ ਮਿਲੇ 25 ਲੱਖ ਰੁਪਏ
Friday, Nov 15, 2024 - 01:46 AM (IST)
ਨੈਸ਼ਨਲ ਡੈਸਕ - ਹਰ ਕੋਈ ਜਾਣਦਾ ਹੈ ਕਿ ਕਾਰ ਦੇ ਟਾਇਰ ਵਿੱਚ ਹਵਾ ਹੁੰਦੀ ਹੈ, ਪਰ ਕੀ ਤੁਸੀਂ ਕਦੇ ਕਾਰ ਦੇ ਟਾਇਰ ਵਿੱਚ ਨੋਟਾਂ ਦਾ ਬੰਡਲ ਦੇਖਿਆ ਹੈ? ਹੈਰਾਨ ਨਾ ਹੋਵੋ! ਅਜਿਹਾ ਹੀ ਚਮਤਕਾਰ ਝਾਰਖੰਡ 'ਚ ਹੋਇਆ ਹੈ। ਸੂਬੇ 'ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਪਹਿਲੇ ਪੜਾਅ ਦੀ ਵੋਟਿੰਗ ਪੂਰੀ ਹੋ ਚੁੱਕੀ ਹੈ ਜਦਕਿ ਦੂਜੇ ਪੜਾਅ ਦੀ ਵੋਟਿੰਗ 20 ਨਵੰਬਰ ਨੂੰ ਹੋਣੀ ਹੈ। ਅਜਿਹੇ 'ਚ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ ਅਤੇ ਸੂਬੇ 'ਚ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਵੱਖ-ਵੱਖ ਚੈਕਿੰਗ ਪੁਆਇੰਟਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਸਿਲਸਿਲੇ 'ਚ ਗਿਰੀਡੀਹ ਜ਼ਿਲ੍ਹੇ ਦੇ ਦੇਵਰੀ ਥਾਣਾ ਖੇਤਰ ਦੀ ਚੈਕਿੰਗ ਪੋਸਟ 'ਤੇ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਸਵਿਫਟ ਕਾਰ ਨੂੰ ਰੋਕਿਆ ਗਿਆ। ਜਾਂਚ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਕਾਰ ਦੇ ਸਟੈਪਨੀ ਟਾਇਰ ਅੰਦਰ 25 ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ। ਜਿਵੇਂ ਹੀ ਟਾਇਰ 'ਚੋਂ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ ਤਾਂ ਕਾਰ 'ਚ ਸਵਾਰ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੂਰੇ ਮਾਮਲੇ ਦੀ ਜਾਣਕਾਰੀ ਗਿਰੀਡੀਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਮਨ ਪ੍ਰਿਆਸ ਲਾਕਰਾ ਅਤੇ ਗਿਰੀਡੀਹ ਦੇ ਐਸ.ਪੀ. ਡਾਕਟਰ ਵਿਮਲ ਕੁਮਾਰ ਨੂੰ ਦੇ ਦਿੱਤੀ ਗਈ ਹੈ। ਨਾਲ ਹੀ ਇਹ ਸੂਚਨਾ ਆਮਦਨ ਕਰ ਵਿਭਾਗ ਨੂੰ ਵੀ ਭੇਜ ਦਿੱਤੀ ਗਈ ਹੈ।