ਛੱਤੀਸਗੜ੍ਹ : 100 ਸਾਲ ਤੋਂ ਵੱਧ ਉਮਰ ਦੇ 2457 ਵੋਟਰ
Thursday, Nov 02, 2023 - 07:34 PM (IST)
![ਛੱਤੀਸਗੜ੍ਹ : 100 ਸਾਲ ਤੋਂ ਵੱਧ ਉਮਰ ਦੇ 2457 ਵੋਟਰ](https://static.jagbani.com/multimedia/2023_11image_19_33_181518529nbjhi.jpg)
ਰਾਏਪੁਰ, (ਯੂ. ਐੱਨ. ਆਈ.)- ਛੱਤੀਸਗੜ੍ਹ ’ਚ ਦੋ ਗੇੜਾਂ ’ਚ ਹੋ ਰਹੀਆਂ ਚੋਣਾਂ ’ਚ ਇਸ ਵਾਰ 2457 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ। ਇਸ ਦੇ ਨਾਲ ਹੀ ਦੋਵਾਂ ਗੇੜਾਂ ’ਚ ਮਰਦ ਵੋਟਰਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਗਿਣਤੀ ਵੱਧ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ’ਚ ਸੂਬੇ ਦੇ 2,03,93,160 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਦੋਵਾਂ ਹੀ ਗੇੜਾਂ ’ਚ ਮਰਦ ਵੋਟਰਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਗਿਣਤੀ ਵੱਧ ਹੈ। ਮਰਦ ਅਤੇ ਔਰਤ ਵੋਟਰਾਂ ਦੇ ਨਾਲ-ਨਾਲ ਤੀਜੇ ਲਿੰਗ (ਟ੍ਰਾਂਸਜੈਂਡਰ) ਦੇ 753 ਵੋਟਰ ਵੀ ਵਿਧਾਨ ਸਭਾ ਚੋਣਾਂ ’ਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸੂਬੇ ਦੇ 90 ਵਿਧਾਨ ਸਭਾ ਹਲਕਿਆਂ ’ਚੋਂ ਰਾਏਪੁਰ ਸ਼ਹਿਰ ਉੱਤਰੀ ’ਚ ਸਭ ਤੋਂ ਵੱਧ 96 ਤੀਜੇ ਲਿੰਗ ਦੇ ਵੋਟਰ ਹਨ।
ਇਸੇ ਤਰ੍ਹਾਂ ਰਾਏਪੁਰ ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ, ਰਾਏਪੁਰ ਸਿਟੀ ਉੱਤਰੀ, ਰਾਏਪੁਰ ਸਿਟੀ ਪੱਛਮੀ, ਰਾਏਪੁਰ ਸਿਟੀ ਦੱਖਣੀ ਅਤੇ ਰਾਏਪੁਰ ਦਿਹਾਤੀ ਨੂੰ ਮਿਲਾ ਕੇ ਕੁੱਲ 275 ਟਰਾਂਸਜੈਂਡਰ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਵਿਧਾਨ ਸਭਾ ਚੋਣਾਂ ’ਚ 18-19 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 7,29,267 ਹੈ।