''ਤਬਲੀਗੀ ਜਮਾਤ'' ਦੇ 22 ਹਜ਼ਾਰ ਲੋਕ ਕੁਆਰੰਟਾਈਨ, 1 ਹਜ਼ਾਰ ਤੋਂ ਵਧੇਰੇ ਕੋਰੋਨਾ ਪਾਜ਼ੀਟਿਵ
Saturday, Apr 04, 2020 - 06:10 PM (IST)
ਨਵੀਂ ਦਿੱਲੀ (ਵਾਰਤਾ)— ਮੋਦੀ ਸਰਕਾਰ ਨੇ ਅੱਜ ਕਿਹਾ ਕਿ ਨਿਜ਼ਾਮੂਦੀਨ ਸਥਿਤ ਮਰਕਜ਼ 'ਚ ਆਯੋਜਿਤ 'ਤਬਲੀਗੀ ਜਮਾਤ' ਅਤੇ ਉਸ ਨਾਲ ਜੁੜੇ 22 ਹਜ਼ਾਰ ਤੋਂ ਵਧੇਰੇ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸਰਕਾਰ ਨੂੰ ਭਰੋਸਾ ਹੈ ਕਿ ਲਾਕ ਡਾਊਨ ਆਪਣੇ ਮਕਸਦ ਵਿਚ ਸਫਲ ਹੋਵੇਗਾ ਅਤੇ ਕੋਰੋਨਾ ਇਨਫੈਕਸ਼ਨ ਦੀ ਲੜੀ ਨੂੰ ਤੋੜਨ 'ਚ ਸਫਲਤਾ ਮਿਲੇਗੀ। ਕੋਰੋਨਾ ਮਹਾਮਾਰੀ 'ਤੇ ਕੰਟਰੋਲ ਦੇ ਮਕਸਦ ਲਈ ਜਾਰੀ ਕੋਸ਼ਿਸ਼ਾਂ ਬਾਰੇ ਕੇਂਦਰ ਸਰਕਾਰ ਦੀ ਰੋਜ਼ਾਨਾ ਪ੍ਰੈੱਸ 'ਚ ਇਹ ਦਾਅਵਾ ਕੀਤਾ ਗਿਆ।
ਗ੍ਰਹਿ ਮੰਤਰਾਲਾ 'ਚ ਸੰਯੁਕਤ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਬਲੀਗੀ ਜਮਾਤ ਬਾਰੇ ਸਰਕਾਰ ਨੇ ਬਹੁਤ ਵੱਡੇ ਪੱਧਰ 'ਤੇ ਕਾਰਵਾਈ ਕਰ ਕੇ ਲੱਗਭਗ 22 ਹਜ਼ਾਰ ਜਮਾਤ ਦੇ ਵਰਕਰਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਲਾਕਡਾਊਨ ਸਫਲ ਰਹੇਗਾ ਅਤੇ ਅਸੀਂ ਸਾਰੇ ਮਿਲ ਕੇ ਕੋਵਿਡ-19 ਦੀ ਚੇਨ ਨੂੰ ਤੋੜਨ 'ਚ ਸਫਲ ਰਹਾਂਗੇ।
ਉਨ੍ਹਾਂ ਤਬਲੀਗੀ ਜਮਾਤ ਨਾਲ ਜੁੜੇ ਵਰਕਰਾਂ ਅਤੇ ਉਨ੍ਹਾਂ ਨਾਲ ਸੰਪਰਕ 'ਚ ਆਏ ਲੋਕਾਂ ਦੇ ਟੈਸਟ ਕਰਵਾਏ ਹਨ, ਜਿਸ 'ਚ 1,023 ਲੋਕਾਂ ਨੂੰ ਪਾਜ਼ੀਟਿਵ ਪਾਇਆ ਗਿਆ ਹੈ, ਜੋ ਕਿ 17 ਸੂਬਿਆਂ ਤੋਂ ਹਨ। ਇਹ ਸੂਬੇ ਤਾਮਿਲਨਾਡੂ, ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਆਸਾਮ, ਕਰਨਾਟਕ, ਅੰਡਮਾਨ ਨਿਕੋਬਾਰ ਦੀਪ ਸਮੂਹ, ਉਤਰਾਖੰਡ, ਹਰਿਆਣਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਕੇਰਲ, ਅਰੁਣਾਚਲ ਪ੍ਰਦੇਸ਼ ਅਤੇ ਝਾਰਖੰਡ ਹਨ। ਦੇਸ਼ 'ਚ ਹੁਣ ਤਕ ਹੋਏ ਟੈਸਟਾਂ ਬਾਰੇ ਪੁੱਛੇ ਜਾਣ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਲੱਗਭਗ 75 ਹਜ਼ਾਰ ਟੈਸਟ ਕੀਤੇ ਗਏ ਹਨ। ਦੂਜੀ ਅਤੇ ਤੀਜੀ ਵਾਰ ਟੈਸਟ ਕਰਾਉਣ ਦੇ ਮਾਮਲੇ ਬਹੁਤ ਘੱਟ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਦੇ ਟੈਸਟ ਅਤੇ ਇਲਾਜ ਲਈ ਜ਼ਰੂਰੀ ਉਪਕਰਣਾਂ ਦੀ ਤੇਜ਼ੀ ਨਾਲ ਖਰੀਦ ਕੀਤੀ ਜਾ ਰਹੀ ਹੈ, ਜਿਵੇਂ-ਜਿਵੇਂ ਸਪਲਾਈ ਹੋ ਰਹੀ ਹੈ, ਉਸ ਨੂੰ ਸੂਬਿਆਂ 'ਚ ਭਿਜਵਾਇਆ ਜਾ ਰਿਹਾ ਹੈ।