ਮੁੰਬਈ: ਐਲਫਿੰਸਟਨ ਰੇਲਵੇ ਬਰਿੱਜ 'ਤੇ ਭੱਜ-ਦੌੜ, 22 ਦੀ ਮੌਤ

Friday, Sep 29, 2017 - 03:01 PM (IST)

ਮੁੰਬਈ: ਐਲਫਿੰਸਟਨ ਰੇਲਵੇ ਬਰਿੱਜ 'ਤੇ ਭੱਜ-ਦੌੜ, 22 ਦੀ ਮੌਤ

ਮੁੰਬਈ— ਇੱਥੇ ਐਲਫਿੰਸਟਨ ਰੋਡ ਅਤੇ ਪਰੇਲ ਉਪਨਗਰੀ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਫੁਟਓਵਰ ਬਰਿੱਜ 'ਤੇ ਸ਼ੁੱਕਰਵਾਰ ਦੀ ਸਵੇਰ ਭੱਜ-ਦੌੜ ਮਚਣ ਨਾਲ 22 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 10.40 ਵਜੇ ਹੋਇਆ। ਉਸ ਸਮੇਂ ਬਾਰਸ਼ ਹੋ ਰਹੀ ਸੀ ਅਤੇ ਫੁਟਓਰ ਬਰਿੱਜ 'ਤੇ ਬਹੁਤ ਭੀੜ ਸੀ। ਪੁਲਸ ਨੂੰ ਸ਼ੱਕ ਹੈ ਕਿ ਫੁਟਓਵਰ ਬਰਿੱਜ ਕੋਲ ਤੇਜ਼ ਆਵਾਜ਼ ਨਾਲ ਹੋਏ ਸ਼ਾਰਟ ਸਰਕਿਟ ਕਾਰਨ ਲੋਕਾਂ 'ਚ ਡਰ ਫੈਲ ਗਿਆ ਅਤੇ ਉਹ ਦੌੜਨ ਲੱਗੇ। ਇਸੇ ਕਾਰਨ ਭੱਜ-ਦੌੜ ਮਚ ਗਈ, ਜਦੋਂ ਕਿ ਕਰੀਬ 30 ਲੋਕ ਜ਼ਖਮੀ ਹੋ ਗਏ। ਬ੍ਰਹਿਮੁੰਬਈ ਮਹਾਨਗਰਪਾਲਿਕਾ ਦੇ ਆਫਤ ਪ੍ਰਬੰਧਨ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ 20 ਲਾਸ਼ਾਂ ਪਰੇਲ ਦੇ ਕੇ.ਈ.ਐੱਮ. ਹਸਪਤਾਲ ਲਿਆਂਦੀਆਂ ਗਈਆਂ ਹਨ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਰੇਲਵੇ, ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ 'ਚ ਜੁਟੇ ਹੋਏ ਹਨ।
PunjabKesariਬੀ.ਐੱਮ.ਸੀ. ਦੀ ਆਫ਼ਤ ਰਾਹਤ ਯੂਨਿਟ ਨੇ ਕਿਹਾ ਕਿ ਹੋਰ ਏਜੰਸੀਆਂ ਮਦਦ ਲਈ ਪੁੱਜ ਰਹੀਆਂ ਹਨ। ਐਲਫਿਸਟਨ ਸਟੇਸ਼ਨ ਆਮ ਤੌਰ 'ਤੇ ਲੋਕਾਂ ਨਾਲ ਭਰਿਆ ਰਹਿੰਦਾ ਹੈ, ਕਿਉਂਕਿ ਲੋਅਰ ਪਰੇਲ ਇਲਾਕੇ ਦੇ ਲੋਕ ਇੱਥੋਂ ਦਫ਼ਤਰ ਜਾਂਦੇ ਹਨ। ਇਹ ਸਟੇਸ਼ਨ ਮੁੰਬਈ ਰੇਲ ਨੈੱਟਵਰਕ ਦੀ ਵੈਸਟਰਨ ਲਾਈਨ 'ਤੇ ਹੈ ਅਤੇ ਇਹ ਪਰੇਲ ਸਟੇਸ਼ਨ ਨੂੰ ਸੈਂਟਰਲ ਲਾਈਨ ਨਾਲ ਜੋੜਦਾ ਹੈ। ਜ਼ਿਕਰਯੋਗ ਹੈ ਕਿ ਬਰਿੱਜ ਤੋਂ ਹਰ ਮਿੰਟ 200 ਤੋਂ 250 ਲੋਕ ਲੰਘਦੇ ਹਨ। ਬਰਿੱਜ ਨੂੰ ਲੈ ਕੇ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਕਦੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।PunjabKesari


Related News