2030 ਤੱਕ ਭਾਰਤ ’ਚ ਦਿਲ ਦੇ ਦੌਰੇ ਕਾਰਨ ਹੋਣਗੀਆਂ ਸਭ ਤੋਂ ਵੱਧ ਮੌਤਾਂ
Monday, May 23, 2022 - 09:40 AM (IST)
ਬੈਂਗਲੁਰੂ (ਭਾਸ਼ਾ)- ਉਘੇ ਕਾਰਡੀਓਲੋਜਿਸਟ ਡਾਕਟਰ ਸੀ. ਐੱਨ. ਮੰਜੂਨਾਥ ਨੇ ਚਿਤਾਵਨੀ ਦਿੱਤੀ ਹੈ ਕਿ 2030 ਤੱਕ ਭਾਰਤ ਵਿਚ ਦਿਲ ਨਾਲ ਸਬੰਧਤ ਬੀਮਾਰੀਆਂ ਕਾਰਨ ਸਭ ਤੋਂ ਵੱਧ ਮੌਤਾਂ ਹੋਣਗੀਆਂ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਸ ਸਮੇਂ ਹਰ ਚੌਥੀ ਮੌਤ ਕਾਰਡੀਓਵੈਸਕੁਲਰ ਬੀਮਾਰੀਆਂ ਨਾਲ ਹੋਵੇਗੀ। ਮੰਜੂਨਾਥ ਨੇ ਇਹ ਗੱਲ ਐੱਚ. ਏ. ਐੱਲ ਦੇ ਡਾਕਟਰਾਂ ਲਈ ‘ਹੈਲਥ ਵਰਕਫੋਰਸ ਯਕੀਨੀ ਬਣਾਓ’ ’ਤੇ ਰਾਸ਼ਟਰੀ ਕਾਨਫਰੰਸ ਮੈਡੀਕਲ-2022 ਨੂੰ ਸੰਬੋਧਨ ਕਰਦਿਆਂ ਕਹੀ।
ਜੈਦੇਵਾ ਇੰਸਟੀਚਿਊਟ ਆਫ ਕਾਰਡੀਓਵੈਸਕੁਲਰ ਸਾਇੰਸਜ਼ ਐਂਡ ਰਿਸਰਚ ਦੇ ਨਿਰਦੇਸ਼ਕ ਨੇ ਇਸ ਸਥਿਤੀ ਤੋਂ ਬਚਣ ਲਈ ਇਕ ਸੰਪੂਰਨ ਅਤੇ ਸਾਂਝੇ ਯਤਨ ਕਰਨ ਦੀ ਮੰਗ ਕੀਤੀ, ਜਿਸ ਵਿਚ ਤਣਾਅ ਪ੍ਰਬੰਧਨ ਅਤੇ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਮੱਧ-ਉਮਰ ਦੀ ਆਬਾਦੀ ’ਚ ਦਿਲ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਖਾਸ ਕਰਕੇ ਨੌਜਵਾਨਾਂ ਵਿਚ ਸਾਹ ਦੀ ਬੀਮਾਰੀ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਮੌਤਾਂ ਵੱਧ ਰਹੀਆਂ ਹਨ।
ਕੁਝ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਪੱਛਮ ਦੇ ਲੋਕਾਂ ਤੋਂ ਘੱਟ ਤੋਂ ਘੱਟ 10 ਸਾਲ ਪਹਿਲਾਂ ਭਾਰਤੀ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਸਨ। ਇਸ ਦਾ ਕਾਰਨ ਬੈਠੀ ਜੀਵਨਸ਼ੈਲੀ, ਸ਼ੂਗਰ, ਸ਼ਰਾਬ ਦੀ ਵੱਧਦੀ ਖਪਤ, ਸਿਗਰਟਨੋਸ਼ੀ ਅਤੇ ਹਾਈਪਰਟੈਨਸ਼ਨ ਨੂੰ ਮੰਨਿਆ ਗਿਆ ਹੈ।