ਬਿਹਾਰ ਦੇ ਸੀਵਾਨ ਮੰਦਰ ''ਚ ਸਾਵਣ ਦੇ ਪਹਿਲੇ ਸੋਮਵਾਰ ਪਈ ਭੱਜ-ਦੌੜ, 2 ਔਰਤਾਂ ਦੀ ਮੌਤ

07/18/2022 5:54:34 PM

ਪਟਨਾ (ਵਾਰਤਾ)- ਬਿਹਾਰ ਦੇ ਸੀਵਾਨ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਸ਼ਿਵ ਮੰਦਰ 'ਚ ਭੱਜ-ਦੌੜ ਪੈ ਗਈ। ਇਸ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਈ। ਸਾਉਣ ਦੇ ਪਹਿਲੇ ਸੋਮਵਾਰ ਨੂੰ ਸ਼ਿਵਲਿੰਗ 'ਤੇ ਜਲ ਚੜ੍ਹਾਉਣ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਸੀਵਾਨ ਦੇ ਮਹਿੰਦਰਨਾਥ ਮੰਦਰ 'ਚ ਇਕੱਠੇ ਹੋਏ। ਤੜਕੇ 3 ਵਜੇ ਮੰਦਰ ਦਾ ਦੁਆਰ ਖੁੱਲ੍ਹਿਆ ਤਾਂ ਸ਼ਰਧਾਲੂ ਵੱਡੀ ਗਿਣਤੀ 'ਚ ਅੰਦਰ ਜਾਣ ਲਈ ਦੌੜੇ। ਇਸ ਭੱਜ-ਦੌੜ 'ਚ ਕੁਝ ਔਰਤਾਂ ਜ਼ਮੀਨ 'ਤੇ ਡਿੱਗ ਗਈਆਂ ਅਤੇ ਦੂਜਿਆਂ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਉਨ੍ਹਾਂ 'ਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੰਦਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਚਾ ਲਿਆ।

ਇਹ ਵੀ ਪੜ੍ਹੋ : ਕੇਰਲ 'ਚ ਮੰਕੀਪਾਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ

ਉਨ੍ਹਾਂ ਨੂੰ ਸੀਵਾਨ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਦੀ ਮੌਤ ਹੋ ਗਈ ਅਤੇ ਇਕ ਆਪਣੀ ਜ਼ਿੰਦਗੀ ਲਈ ਜੂਝ ਰਹੀ ਹੈ। ਮ੍ਰਿਤਕਾਂ ਦੀ ਪਛਾਣ ਜੀਰਾਦਈ ਥਾਣਾ ਖੇਤਰ ਦੇ ਪਾਥਰ ਪਿੰਡ ਦੀ ਰਹਿਣ ਵਾਲੀ ਸੁਹਾਗਮਤੀ ਦੇਵੀ ਅਤੇ ਸੀਵਾਨ ਜ਼ਿਲ੍ਹੇ ਦੇ ਹੁਸੈਨਗੰਜ ਥਾਣਾ ਖੇਤਰ ਦੇ ਪ੍ਰਤਾਪਪੁਰ ਪਿੰਡ ਦੀ ਲੀਲਾਵਤੀ ਦੇਵੀ ਵਜੋਂ ਹੋਈ ਹੈ। ਸੀਵਾਨ ਦੇ ਇਕ ਭਗਤ ਰਾਜੇਸ਼ ਸਿੰਘ ਨੇ ਕਿਹਾ,''ਮੰਦਰ 'ਚ ਕੁਝ ਸੁਰੱਖਿਆ ਕਰਮੀ ਸਨ, ਜਦੋਂ ਕਿ ਭਗਤ ਵੱਡੀ ਗਿਣਤੀ 'ਚ ਸਨ। ਉਹ ਕੰਟਰੋਲ ਤੋਂ ਬਾਹਰ ਹੋ ਗਏ। ਕੰਪਲੈਕਸ ਦੇ ਅੰਦਰ ਭਾਰੀ ਭੀੜ ਨਾਲ ਸਥਿਤੀ ਜਲਦ ਖ਼ਰਾਬ ਹੋ ਗਈ। ਕਈ ਔਰਤਾਂ ਨੂੰ ਸੱਟਾਂ ਲੱਗੀਆਂ।'' ਚੈਨਪੁਰ ਮਹਾਦੇਵ ਪੁਲਸ ਚੌਕੀ ਦੀ ਇਕ ਟੀਮ ਨੇ ਮੰਦਰ ਪਹੁੰਚ ਕੇ ਸਥਿਤੀ ਕੰਟਰੋਲ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News