ਪਤੀਆਂ ਤੋਂ ਧੋਖਾ ਮਿਲਣ ਪਿੱਛੋਂ 2 ਕੁੜੀਆਂ ਨੇ ਕਰਵਾ ਲਿਆ ਵਿਆਹ
Wednesday, May 14, 2025 - 12:59 AM (IST)

ਬਦਾਯੂੰ- ਯੂ.ਪੀ. ਦੇ ਬਦਾਯੂੰ ਜ਼ਿਲੇ ਦੀਆਂ ਦੋ ਕੁੜੀਆਂ ਨੂੰ ਵਿਆਹ ’ਚ ਧੋਖਾ ਹੋਇਆ ਤਾਂ ਉਨ੍ਹਾਂ ਨੂੰ ਮਰਦਾਂ ਨਾਲ ਨਫ਼ਰਤ ਹੋਣ ਲੱਗ ਪਈ। ਦੋਵੇਂ ਦਿੱਲੀ ’ਚ ਨੌਕਰੀ ਕਰਦੇ ਸਮੇਂ ਮਿਲੀਆਂ ਸਨ। ਸ਼ੁਰੂ ਦੇ 3 ਮਹੀਨੇ ਉਹ ਇਕੱਠੀਆਂ ਰਹੀਆਂ। ਫਿਰ ਉਨ੍ਹਾਂ ਇਕੱਠਿਆਂ ਜਿਉਣ ਤੇ ਮਰਨ ਦੀ ਸਹੁੰ ਖਾਧੀ।
ਦੋਵਾਂ ਨੇ ਮੰਗਲਵਾਰ ਇਕ ਦੂਜੇ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਮੰਦਰ ਤੇ ਅਦਾਲਤ ਦੋਵਾਂ ’ਚ ਵਕੀਲਾਂ ਦੀ ਨਿਗਰਾਨੀ ਹੇਠ ਹੋਇਆ। ਵਿਆਹ ਤੋਂ ਬਾਅਦ ਦੋਵਾਂ ਕੁੜੀਆਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਬਹੁਤ ਖੁਸ਼ੀ ਨਾਲ ਬਤੀਤ ਕਰਨਗੀਆਂ।
ਸਪਨਾ ਨੇ ਕਿਹਾ ਕਿ ਅਸੀਂ ਦੋਵੇਂ ਵਿਆਹ ਤੋਂ ਬਹੁਤ ਖੁਸ਼ ਹਾਂ। ਸਭ ਤੋਂ ਪਹਿਲਾਂ ਮੈਂ ਮੀਰਾ ਨਾਲ ਆਪਣੇ ਪੇਕੇ ਘਰ ਜਾਵਾਂਗੀ। ਜੇ ਪਰਿਵਾਰ ਦੇ ਮੈਂਬਰਾਂ ਨੇ ਵਿਰੋਧ ਕੀਤਾ ਤਾਂ ਅਸੀਂ ਦੋਵੇਂ ਦਿੱਲੀ ਆ ਜਾਵਾਂਗੀਆਂ ਅਤੇ ਉੱਥੇ ਹੀ ਰਹਾਂਗੀਆਂ। ਅਸੀਂ ਦੋਵੇਂ ਸਖ਼ਤ ਮਿਹਨਤ ਕਰ ਕੇ ਆਪਣੇ ਲਈ ਘਰ ਵੀ ਬਣਾਵਾਂਗੇ।
ਮੀਰਾ (ਕਾਲਪਨਿਕ ਨਾਮ) ਨੇ ਲਾੜੀ ਬਣ ਕੇ ਆਪਣੇ ‘ਪਤੀ’ ਸਪਨਾ ਦੇ ਗਲੇ ’ਚ ਹਾਰ ਪਹਿਨਾਇਆ।
ਸਪਨਾ ਨੇ ਕਿਹਾ ਕਿ ਉਹ ਆਪਣੀ ਪਤਨੀ ਮੀਰਾ ਨੂੰ ਆਪਣੀਆਂ ਪਲਕਾਂ ’ਤੇ ਰੱਖੇਗੀ। ਅਸੀਂ ਦੋਵਾਂ ਨੇ ਮਰਦਾਂ ਹੱਥੋਂ ਜੋ ਧੋਖਾ ਝੱਲਿਆ ਹੈ, ਦੀ ਪੂਰਤੀ ਇਕ ਦੂਜੇ ਨੂੰ ਪਿਆਰ ਕਰ ਕੇ ਕਰਾਂਗੀਆਂ।