ਝੋਲਾਛਾਪ ਡਾਕਟਰਾਂ ਦੀ ਲਾਪਰਵਾਹੀ ਨਾਲ 2 ਬੱਚੀਆਂ ਦੀ ਮੌਤ
Thursday, Mar 06, 2025 - 05:36 AM (IST)

ਜੈਪੁਰ - ਰਾਜਸਥਾਨ ’ਚ ਝੋਲਾਛਾਪ ਡਾਕਟਰਾਂ ਦੀ ਲਾਪਰਵਾਹੀ ਦਾ ਖਾਮਿਆਜ਼ਾ 2 ਬੱਚੀਆਂ ਨੂੰ ਭੁਗਤਣਾ ਪਿਆ। ਬੀਤੇ 10 ਦਿਨਾਂ ’ਚ ਸੂਬੇ ਦੇ 2 ਜ਼ਿਲਿਆਂ, ਚਿੱਤੌੜਗੜ੍ਹ ਅਤੇ ਸਿਰੋਹੀ ’ਚ ਫਰਜ਼ੀ ਡਾਕਟਰਾਂ ਦੇ ਇਲਾਜ ਨਾਲ 2 ਬੱਚੀਆਂ ਦੀ ਜਾਨ ਚਲੀ ਗਈ। ਚਿੱਤੌੜਗੜ੍ਹ ਜ਼ਿਲੇ ਦੇ ਰਤਨਪੁਰਾ ਪਿੰਡ ਦੀ 15 ਸਾਲਾ ਵਿਸ਼ਾਖਾ ਧਾਕੜ ਦੀ ਸਕੂਲ ’ਚ ਅਚਾਨਕ ਤਬੀਅਤ ਵਿਗੜ ਗਈ। ਅਧਿਆਪਕਾਂ ਨੇ ਉਸ ਦੇ ਪਿਤਾ ਨੂੰ ਸੂਚਿਤ ਕੀਤਾ ਕਿ ਉਸ ਨੂੰ ਬੁਖਾਰ ਹੈ। ਪਿਤਾ ਸੰਤੋਸ਼ ਧਾਕੜ ਉਸ ਨੂੰ ਪਿੰਡ ਦੇ ਗੋਪਾਲ ਦੱਤਾ (35) ਦੇ ਕਲੀਨਿਕ ’ਤੇ ਲੈ ਗਏ। ਦੱਤਾ ਨੇ ਉਸ ਨੂੰ ਡ੍ਰਿੱਪ ਚੜ੍ਹਾਈ ਅਤੇ ਕੁਝ ਦਵਾਈਆਂ ਦਿੱਤੀਆਂ ਪਰ ਵਿਸ਼ਾਖਾ ਦੀ ਤਬੀਅਤ ਹੋਰ ਵਿਗੜਦੀ ਗਈ। 3 ਘੰਟਿਆਂ ਦੇ ਇਲਾਜ ਤੋਂ ਬਾਅਦ ਵੀ ਸੁਧਾਰ ਨਾ ਹੋਣ ’ਤੇ ਦੱਤਾ ਨੇ ਉਸ ਨੂੰ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ।
ਪਰਿਵਾਰ ਵਾਲੇ ਉਸ ਨੂੰ ਰਾਵਤਭਾਟਾ ਉਪ-ਜ਼ਿਲਾ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਕੋਟਾ ਰੈਫਰ ਕਰ ਦਿੱਤਾ ਗਿਆ ਪਰ ਕੋਟਾ ਪੁੱਜਣ ਤੋਂ ਪਹਿਲਾਂ ਹੀ ਵਿਸ਼ਾਖਾ ਨੇ ਦਮ ਤੋੜ ਦਿੱਤਾ। ਉੱਥੇ ਹੀ, ਸਿਰੋਹੀ ਜ਼ਿਲੇ ਦੇ ਕਾਛੋਲੀ ਪਿੰਡ ’ਚ ਰਹਿਣ ਵਾਲੇ ਕਿਸਾਨ ਨਰਪਤਸਿੰਘ ਦੀ 7 ਸਾਲਾ ਧੀ ਜਾਨ੍ਹਵੀ ਦੀ ਤਬੀਅਤ ਵਿਗੜਣ ’ਤੇ ਉਹ ਉਸ ਨੂੰ ਸਥਾਨਕ ਝੋਲਾਛਾਪ ਡਾਕਟਰ ਮੰਸੂਰ ਅਲੀ ਦੇ ਕਲੀਨਿਕ ਲੈ ਗਏ। ਮੰਸੂਰ ਅਲੀ ਨੇ ਉਸ ਨੂੰ ਇਕ ਇੰਜੈਕਸ਼ਨ ਲਾਇਆ, ਜਿਸ ਤੋਂ ਤੁਰੰਤ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ। ਪਰਿਵਾਰ ਵਾਲੇ ਉਸ ਨੂੰ ਹਫੜਾ-ਦਫੜੀ ’ਚ ਆਬੂ ਰੋਡ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਜਾਨ੍ਹਵੀ ਦੀ ਮੌਤ ਦਾ ਕਾਰਨ ਦਵਾਈ ਦੇ ਰਿਐਕਸ਼ਨ ਨੂੰ ਦੱਸਿਆ। ਪੁਲਸ ਨੇ ਸੂਚਨਾ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ।